ਬੱਸ ਅੱਡੇ ''ਤੇ ਸਵਾਰੀਆਂ ਹੋਈਆਂ ਧੱਕਮ-ਧੱਕਾ, ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

Sunday, Jun 07, 2020 - 10:45 AM (IST)

ਬੱਸ ਅੱਡੇ ''ਤੇ ਸਵਾਰੀਆਂ ਹੋਈਆਂ ਧੱਕਮ-ਧੱਕਾ, ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਬਾਘਾਪੁਰਾਣਾ (ਅਜੈ) : ਸਰਕਾਰ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਕੁੱਝ ਰੂਟਾਂ ਉੱਪਰ ਸੀਮਤ ਸਰਕਾਰੀ ਬੱਸਾਂ ਹੀ ਚਲਾਈਆਂ ਗਈਆਂ ਹਨ। ਸਰਕਾਰ ਵੱਲੋਂ ਬੱਸ ਚਾਲਕਾਂ ਨੂੰ ਸਵਾਰੀਆਂ ਦੀ ਸਮਾਜਿਕ ਦੂਰੀ ਬਣਾਉਣ, ਸੈਨੇਟਾਈਜ਼ਰ ਦੀ ਵਰਤੋਂ, ਮਾਸਕ ਪਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਹਦਾਇਤਾ ਨੂੰ ਲਾਗੂ ਕਰਵਾਉਣ ਲਈ ਬੱਸ ਚਾਲਕਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਬੀਤੀ ਸਵੇਰੇ ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ ਬੱਸ ਅੱਡੇ ’ਤੇ ਸਰਕਾਰੀ ਬੱਸ ਆਈ ਤਾਂ ਬੱਸ ’ਤੇ ਚੜ੍ਹਨ ਲਈ ਸਵਾਰੀਆਂ ਧੱਕਮ- ਧੱਕਾ ਹੁੰਦੀਆਂ ਦੇਖੀਆਂ ਗਈਆਂ, ਪਰ ਨਾ ਤਾਂ ਕਿਸੇ ਸਵਾਰੀ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਬੱਸ ਦੇ ਕੰਡਕਟਰ, ਡਰਾਈਵਰ ਨੇ ਸਵਾਰੀਆਂ ਨੂੰ ਸਮਾਜਿਕ ਦੂਰੀ ਬਣਾਉਣ ਬਾਰੇ ਜਾਣਕਾਰੀ ਦਿੱਤੀ।
ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਕਿਸੇ ਨੇ ਕੋਰੋਨਾ ਦੀ ਕੋਈ ਪ੍ਰਵਾਹ ਨਹੀਂ ਕੀਤੀ, ਕਈ ਸਵਾਰੀਆਂ ਦੇ ਮੂੰਹ 'ਤੇ ਮਾਸਕ ਪਾਏ ਦਿਖਾਈ ਨਹੀਂ ਦਿੱਤੇ। ਸ਼ਹਿਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੱਸਾਂ ਦੇ ਅੰਦਰ ਅਤੇ ਬੱਸਾਂ 'ਚ ਸਵਾਰੀਆਂ ਦੇ ਚੜ੍ਹਨ ਵੇਲੇ ਬਾਰੀਆਂ ਨਾਲ ਲੱਗ ਰਹੀਆਂ ਭੀੜਾਂ ਨੂੰ ਰੋਕਣ ਲਈ ਬੱਸਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਬਚਾ ਹੋ ਸਕੇ ਅਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਹਦਾਇਤਾਂ ਦੀ ਵੀ ਪਾਲਣਾ ਹੋ ਸਕੇ।
 


author

Babita

Content Editor

Related News