ਸ਼੍ਰੋਮਣੀ ਅਕਾਲੀ ਦਲ 1920 ਦੀ ਮੀਟਿੰਗ
Monday, Apr 08, 2019 - 04:04 AM (IST)
ਮੋਗਾ (ਗੁਪਤਾ)-ਸ਼੍ਰੋਮਣੀ ਅਕਾਲੀ ਦਲ 1920 ਮੰਡੀ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ। ਇਸ ਮੌਕੇ ਜਥੇਦਾਰ ਰਣਸੀਂਹ ਨੇ ਕਿਹਾ ਕਿ ਅੱਜ ਫਿਰ ਮੋਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਪਿਛਲੇ ਪੰਜ ਸਾਲਾਂ ’ਚ ਮੋਦੀ ਸਰਕਾਰ ਨੇ ਦੇਸ਼ ਅੰਦਰ ਨੋਟਬੰਦੀ, ਜੀ. ਐੱਸ. ਟੀ. ਲਾ ਕੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾ ਕੇ ਲੋਕਾਂ ਨੂੰ ਸ਼ਰੇਆਮ ਲੁੱਟਿਆ ਹੈ ਤੇ ਪੰਜਾਬ ਵੱਲ ਕੋਈ ਧਿਆਨ ਨਹੀਂ ਦਿੱਤਾ। ਕਾਂਗਰਸ ਸਰਕਾਰ ਨੇ ਜਬਰੀ ਪੰਜਾਬ ਦਾ ਪਾਣੀ ਦੂਸਰੇ ਸੂਬਿਆਂ ਨੂੰ ਦੇ ਦਿੱਤਾ। ਪੰਜਾਬ ਵਿਚ ਕੋਈ ਵੱਡੀ ਸਨਅਤ ਨਹੀਂ ਹੈ ਤੇ ਬੇਰੋਜ਼ਗਾਰੀ ਹੋਣ ਕਾਰਨ ਪੰਜਾਬ ਦੇ ਪਡ਼੍ਹੇ-ਲਿਖੇ ਬੱਚੇ ਲੱਖਾਂ ਰੁਪਏ ਖਰਚ ਕਰ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਪੰਜਾਬ ’ਚ ਹਰ ਸਡ਼ਕ ’ਤੇ ਟੋਲ ਟੈਕਸ ਲੱਗ ਗਏ ਹਨ। ਮੋਦੀ ਸਰਕਾਰ ਨੇ ਪੰਜਾਬ ਦਾ ਕੁੱਝ ਵੀ ਨਹੀਂ ਸੰਵਾਰਿਆ। ਪੰਜਾਬ ਅੱਜ ਬਿਲਕੁਲ ਹੀ ਤਬਾਹੀ ਦੇ ਕੰਢੇ ’ਤੇ ਖਡ਼੍ਹਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਨੂੰ ਇਸ ਵਾਰ ਚੱਲਦਾ ਕਰਨ। ਅੱਜ ਦੀ ਮੀਟਿੰਗ ਵਿਚ ਇਹ ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਪੰਜਾਬੀਆਂ ਦੇ ਸਾਰੇ ਕਰਜ਼ੇ ਬਿਲਕੁਲ ਮੁਆਫ ਕੀਤੇ ਜਾਣ। ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੀ ਡਿਓਡ਼ੀ ਢਾਹੁਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਵੀ ਕੀਤੀ ਗਈ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਮਾਰ, ਯਸ਼ਪਾਲ ਸੇਠੀ, ਤਰਸੇਮ ਲਾਲ, ਜਗਦੀਪ ਸਿੰਘ ਮੋਨੂੰ, ਗੁਰਮੇਲ ਸਿੰਘ, ਲਖਵੀਰ ਸਿੰਘ, ਜਗਨ ਨਾਥ, ਦਵਿੰਦਰ ਕੁਮਾਰ, ਕੁੱਕੂ ਭਾਗੀਕੇ, ਮੁਨੀਮ ਚਮਨ ਲਾਲ, ਕੰਡਕਟਰ ਜਗਦੀਪ ਸਿੰਘ, ਨੀਰਜ ਸਿੰਘ, ਡਾਕਟਰ ਸ਼ਿਵ ਕੁਮਾਰ, ਸ਼ਾਮ ਲਾਲ, ਭੁਪਿੰਦਰ ਸਿੰਘ, ਕਾਰਕਿਤ ਗਰਗ, ਜਗਦੀਪ ਕੁਮਾਰ, ਚਮਕੌਰ ਸਿੰਘ, ਅੰਮ੍ਰਿਤ ਪ੍ਰਕਾਸ਼ ਆਦਿ ਸਨ।
