ਲੱਖਾਂ ਦੇ ਚੂਰਾ ਪੋਸਤ ਸਮੇਤ ਤਸਕਰ ਕਾਬੂ
Thursday, Mar 28, 2019 - 03:28 AM (IST)
ਮੋਗਾ (ਆਜ਼ਾਦ)-ਮੋਗਾ ਪੁਲਸ ਵਲੋਂ ਚੂਰਾ ਪੋਸਤ ਅਤੇ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਕੇ ਲੱਖਾਂ ਰੁਪਏ ਮੱੁਲ ਦਾ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਤਸਕਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਜਦ ਐਡੀਸ਼ਨਲ ਥਾਣਾ ਮੁਖੀ ਇੰਸਪੈਕਟਰ ਬਲਰਾਜ ਮੋਹਨ, ਸਹਾਇਕ ਥਾਣੇਦਾਰ ਜਸਵੰਤ ਸਿਘ ਅਤੇ ਹੋਰ ਪੁਲਸ ਮੁਲਾਜ਼ਮ ਇਲਾਕੇ ’ਚ ਗਸ਼ਤ ਕਰਦੇ ਹੋਏ ਕੱਚਾ ਦੁਸਾਂਝ ਰੋਡ ਟੀ ਪੁਆਇੰਟ ਕੋਲ ਪੱੁਜੇ ਤਾਂ ਤਲਵੰਡੀ ਭੰਗੇਰੀਆ ਵਲੋਂ ਇਕ ਗੱਡੀ ਆਉਂਦੀ ਦਿਖਾਈ ਦਿੱਤੀ, ਪੁਲਸ ਪਾਰਟੀ ਦੀ ਨਾਕਾਬੰਦੀ ਦੇਖ ਕੇ ਕਾਰ ਚਾਲਕ ਨੇ ਆਪਣੀ ਗੱਡੀ ਪਿੱਛੇ ਮੋਡ਼ਣ ਦਾ ਯਤਨ ਕੀਤਾ ਤਾਂ ਅਚਾਨਕ ਗੱਡੀ ਬੰਦ ਹੋ ਗਈ, ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ। ਪੱੁਛ-ਗਿੱਛ ਕਰਨ ’ਤੇ ਉਸਨੇ ਆਪਣਾ ਨਾਂ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਗਗਡ਼ਾ (ਮੋਗਾ) ਦੇ ਤੌਰ ’ਤੇ ਦੱਸਿਆ। ਜਦ ਗੱਡੀ ਦੀ ਤਲਾਸ਼ੀ ਲਈ ਤਾਂ 40 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਸ ਨੇ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਪੱੁਛ-ਗਿੱਛ ਕਰਨੀ ਸ਼ੁਰੁੂ ਕਰ ਦਿੱਤੀ ਹੈ, ਜਿਸ ਤੋਂ ਹੋਰ ਵੀ ਤਸਕਰੀ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਉਕਤ ਚੂਰਾ ਪੋਸਤ ਦੀ ਕੀਮਤ ਡੇਢ ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਪੁਲਸ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਉਕਤ ਚੂਰਾ ਪੋਸਤ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਦੇਣ ਜਾ ਰਿਹਾ ਸੀ?
