ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ

Thursday, Mar 28, 2019 - 03:26 AM (IST)

ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ
ਮੋਗਾ (ਬਾਵਾ/ਜਗਸੀਰ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮੋਗਾ ਤੇ ਆਸ-ਪਾਸ ਦੇ ਜ਼ਿਲਿਆਂ ’ਚ ਸਰਗਰਮ ਇਕ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੋਟਰਸਾਈਕਲ ਚੋਰੀ ਕਰਨ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ’ਚ ਸ਼ਾਮਲ ਹੋਣਾ ਮੰਨਿਆ ਹੈ। ਥਾਣਾ ਮੁਖੀ ਨਿਹਾਲ ਸਿੰਘ ਵਾਲਾ ਪਰਮਜੀਤ ਕੁਮਾਰ, ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਮਾਛੀਕੇ ਅਤੇ ਪਿੰਡ ਗਹਿਲਾਂ ਵਿਚਕਾਰ ਮੋਹਨ ਸਿੰਘ ਵਾਸੀ ਮਾਛੀਕੇ ਤੇ ਉਸ ਦੀ ਪਤਨੀ ਨੂੰ 2 ਅਣਪਛਾਤੇ ਲੁਟੇਰੇ ਕੁੱਟ-ਮਾਰ ਕਰ ਕੇ ਉਨ੍ਹਾਂ ਕੋਲੋਂ 2500 ਦੇ ਕਰੀਬ ਨਕਦੀ, ਮੋਬਾਇਲ ਫੋਨ ਤੋਂ ਇਲਾਵਾ ਉਸ ਦੇ ਕੀਮਤੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਤੇ ਮੋਬਾਇਲ ਲੋਕੇਸ਼ਨ ਰਾਹੀਂ ਉਕਤ ਲੁਟੇਰਿਆਂ ਤੱਕ ਪਹੁੰਚਣ ਲਈ ਦਿਨ-ਰਾਤ ਇਕ ਕੀਤਾ ਗਿਆ। ਅੱਜ ਗੁਪਤ ਸੂਚਨਾ ’ਤੇ ਉਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਬੇਅੰਤ ਸਿੰਘ ਭੱਟੀ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਡਰੇਨ ਪੁਲ ਨੇਡ਼ੇ ਹਿੰਮਤਪੁਰਾ-ਭਾਗੀਕੇ ਰੋਡ ’ਤੇ ਨਾਕਾ ਲਾਇਆ ਹੋਇਆ ਸੀ, ਜਦ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਰੋਕਿਆ ਤਾਂ ਉਕਤ ਨੌਜਵਾਨ ਪਿੱਛੇ ਨੂੰ ਭੱਜਣ ਲੱਗੇ ਤਾਂ ਪੁਲਸ ਨੇ ਮੌਕੇ ’ਤੇ ਹੀ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਪਿੰਡ ਮਾਛੀਕੇ ਦੀ ਘਟਨਾ ਤੋਂ ਇਲਾਵਾ ਥਾਣਾ ਰਾਏਕੋਟ, ਜਲਾਲਦੀਵਾਲ, ਲੋਪੋਂ ਤੇ ਪਿੰਡ ਡੱਲਾ ਦੇ ਟੂਰਨਾਮੈਂਟ ਤੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ’ਚ ਸ਼ਾਮਲ ਹੋਣਾ ਮੰਨਿਆ ਹੈ। ਉਕਤ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਸੁਖਦੀਪ ਸਿੰਘ ਉਰਫ ਰਾਜੂ ਪੁੱਤਰ ਜਗਦੀਪ ਸਿੰਘ ਅਤੇ ਗੁਰਮੀਤ ਸਿੰਘ ਉਰਫ ਗੇਜੀ ਪੁੱਤਰ ਚਰਨਜੀਤ ਸਿੰਘ ਦੋਵੇਂ ਵਾਸੀ ਮੱਲੇਆਣਾ ਜ਼ਿਲਾ ਮੋਗਾ ਵਜੋਂ ਹੋਈ ਹੈ। ਸਬ-ਇੰਸਪੈਕਟਰ ਬੇਅੰਤ ਸਿੰਘ ਭੱਟੀ ਨੇ ਕਿਹਾ ਕਿ ਉਕਤ ਗ੍ਰਿਫਤਾਰ ਨੌਜਵਾਨਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ।

Related News