ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ, 4 ਪਿੰਡਾਂ ਦੀ 900 ਏਕੜ ਫ਼ਸਲ ਡੁੱਬੀ

Monday, Jul 15, 2019 - 09:57 AM (IST)

ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ, 4 ਪਿੰਡਾਂ ਦੀ 900 ਏਕੜ ਫ਼ਸਲ ਡੁੱਬੀ

ਮੋਗਾ/ਫਤਿਹਗੜ੍ਹ ਪੰਜਤੂਰ(ਗੋਪੀ ਰਾਊੁਕੇ, ਰੋਮੀ) : ਇਕ ਪਾਸੇ ਜਿੱਥੇ ਗਰਮੀ ਮਗਰੋਂ ਪਈ ਬਾਰਸ਼ ਨੇ ਲੋਕਾਂ ਨੂੰ ਸੁੱਖ ਦਾ ਸਾਹ ਦਿੱਤਾ ਹੈ, ਉੱਥੇ ਹੀ ਮੋਗਾ ਜ਼ਿਲੇ ਦੀ ਹੱਦ 'ਤੇ ਹਲਕਾ ਧਰਮਕੋਟ 'ਚ ਪੈਂਦੇ ਸਤਲੁਜ ਦਰਿਆ ਕਿਨਾਰੇ ਵਸੇ ਲੋਕਾਂ ਲਈ ਇਹ ਬਾਰਸ਼ ਮੁਸੀਬਤ ਦਾ ਸਬੱਬ ਬਣਨ ਲੱਗੀ ਹੈ। ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਣ ਦਰਿਆ ਦੇ ਕਿਨਾਰੇ ਵਸਿਆ ਪਿੰਡ ਸੰਘੇੜਾ ਪੂਰੀ ਤਰ੍ਹਾਂ ਨਾਲ ਪਾਣੀ 'ਚ ਘਿਰ ਗਿਆ ਹੈ, ਜਦਕਿ ਇਸ ਦੇ ਨਾਲ ਹੀ ਦਰਿਆ ਦੇ ਪਾਣੀ ਨੇ ਮਦਾਰਪੁਰਾ, ਬੋਗੇਵਾਲਾ ਅਤੇ ਮੇਲਕ ਕੰਗਾ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਰਿਆ 'ਤੇ ਬਣੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ 1988 ਤੋਂ ਆਪਣੀ ਆਵਾਜ਼ ਉਠਾ ਰਹੇ ਇਸ ਖੇਤਰ ਦੇ ਲੋਕਾਂ ਦੀ ਮੰਗ ਦਾ ਹੱਲ ਸਮੇਂ ਦੀ ਸਰਕਾਰਾਂ ਨੇ ਨਹੀਂ ਕੀਤਾ, ਜਿਸ ਕਰ ਕੇ ਇਸ ਖ਼ੇਤਰ ਦੇ ਲੋਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ।

PunjabKesari

'ਜਗ ਬਾਣੀ' ਵੱਲੋਂ ਜਦੋਂ ਇਸ ਮਾਮਲੇ 'ਚ ਵਿਸ਼ੇਸ਼ ਰਿਪੋਰਟ ਇਕੱਤਰ ਕਰਨ ਲਈ ਇਸ ਖ਼ੇਤਰ ਦਾ ਦੌਰਾ ਕੀਤਾ ਗਿਆ ਤਾਂ ਦਰਿਆ ਦੇ ਵਗ ਰਹੇ ਪਾਣੀ ਨੂੰ ਦੇਖ ਕੇ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ 'ਤੇ ਛਾਈਆਂ ਪਲੱਤਣਾਂ ਦਾ ਪ੍ਰਭਾਵ ਸਾਫ਼ ਦਿਖਾਈ ਦੇ ਰਿਹਾ ਸੀ। ਆਪਣੀਆਂ ਅੱਖਾਂ ਮੂਹਰੇ ਪਾਣੀ 'ਚ ਡੁੱਬ ਰਹੀ ਫ਼ਸਲ ਨੂੰ ਦੇਖ ਕੇ ਝੂਰ ਰਹੇ ਕਿਸਾਨਾਂ ਦਾ ਕਹਿਣਾ ਸੀ ਹੁਣ ਤਾਂ ਉਨ੍ਹਾਂ ਦੀ ਇਹ ਆਸ ਵੀ ਟੁੱਟ ਗਈ ਹੈ ਕਿ ਕਿੱਧਰੇ ਸਾਡੀ ਸੁਣਵਾਈ ਵੀ ਹੋਵੇਗੀ। ਜਦੋਂ ਕਿੱਧਰੇ ਵੀ ਪਿੰਡ 'ਚ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਸਮੇਂ ਦੇ ਹੁਕਮਰਾਨਾਂ ਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਹੁਣ ਕੋਈ ਅਫ਼ਸਰਾਂ ਜਾਂ ਸਰਕਾਰੀ ਨੁਮਾਇੰਦਿਆਂ ਨੂੰ ਮਿਲਣ ਦਾ ਚਾਅ ਹੀ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਵਾਅਦੇ ਹਕੀਕਤ 'ਚ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਹੀਂ ਬਦਲੇ।

ਦਰਿਆ ਕਿਨਾਰੇ ਰਹਿਣ ਵਾਲੇ ਬਜ਼ੁਰਗ ਚੰਨਣ ਸਿੰਘ ਦਾ ਦੱਸਣਾ ਸੀ ਕਿ 1988 'ਚ ਜਦੋਂ ਹੜ੍ਹ ਆਏ ਤਾਂ ਉਦੋਂ ਇਸ ਖ਼ੇਤਰ ਵਿਚ ਫ਼ਸਲਾਂ ਦੇ ਹੋਏ 100 ਫੀਸਦੀ ਨੁਕਸਾਨ ਕਰ ਕੇ ਆਰਥਕ ਮੰਦਹਾਲੀ 'ਚ ਡੁੱਬੇ ਲੋਕ ਹਾਲੇ ਤੱਕ ਪੈਰਾਂ ਸਿਰ ਨਹੀਂ ਹੋ ਸਕੇ। 1992, 2004, 2008 ਅਤੇ 2012 'ਚ ਫ਼ਸਲਾਂ ਦੀ ਹੋਈ ਤਬਾਹੀ ਨੇ ਤਾਂ ਲੋਕਾਂ ਨੂੰ ਅਜਿਹਾ ਆਰਥਿਕ ਤੌਰ 'ਤੇ ਲੀਹੋਂ ਲਾਹਿਆ ਕਿ ਲੋਕ ਕਿੱਧਰੇ ਵੀ ਆਰਥਿਕ ਪੱਖੋਂ ਮੁੜ ਮਜ਼ਬੂਤ ਨਹੀਂ ਹੋਏ। ਬਜ਼ੁਰਗ ਦੱਸਦੇ ਹਨ ਕਿ ਇਸ ਤੋਂ ਇਲਾਵਾ ਹਰ ਵਰ੍ਹੇ ਹੀ ਫ਼ਸਲਾਂ ਦਾ 50 ਫ਼ੀਸਦੀ ਤੋਂ ਵਧੇਰੇ ਨੁਕਸਾਨ ਹੋ ਜਾਂਦਾ ਹੈ, ਜਿਸ ਦਾ ਮੁਆਵਜ਼ਾ ਵੀ ਸਮੇਂ ਸਿਰ ਨਹੀਂ ਮਿਲਦਾ। ਪਿੰਡ ਸੰਘੇੜਾ ਦੇ ਸਾਬਕਾ ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਪਿੰਡ ਚਾਰੇ ਪਾਸੇ ਤੋਂ ਪਾਣੀ 'ਚ ਘਿਰ ਗਿਆ ਹੈ। ਪਿੰਡ ਦੀ ਕੁੱਲ 700 'ਚੋਂ 400 ਏਕੜ ਜ਼ਮੀਨ ਦੀ ਫ਼ਸਲ ਪਾਣੀ 'ਚ ਤਬਾਹ ਹੋਣ ਤੋਂ ਇਲਾਵਾ ਪਿੰਡ ਮਦਾਰਪੁਰਾ ਦੀ 200, ਬੋਗੇਵਾਲਾ 200 ਅਤੇ ਮੇਲਕ ਕੰਗਾ ਦੀ ਲਗਭਗ 100 ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ।

ਪਸ਼ੂਆਂ ਨੂੰ ਨਹੀਂ ਮਿਲ ਰਿਹਾ ਹਰਾ ਚਾਰਾ
ਫ਼ਸਲਾਂ ਪਾਣੀ 'ਚ ਡੁੱਬਣ ਮਗਰੋਂ ਪਸ਼ੂਆਂ ਨੂੰ ਹਰੇ ਚਾਰੇ ਦੀ ਵੱਡੀ ਪੱਧਰ 'ਤੇ ਕਮੀ ਮਹਿਸੂਸ ਹੋਣ ਲੱਗੀ ਹੈ। ਪਿੰਡਾਂ ਦੇ ਲੋਕ ਦੱਸਦੇ ਹਨ ਕਿ ਅੱਜ ਤੜਕਸਾਰ ਬਾਰਸ਼ ਸ਼ੁਰੂ ਹੋਣ ਮਗਰੋਂ ਜਿਉਂ ਹੀ ਸਤਲੁਜ ਦਰਿਆ ਦਾ ਪਾਣੀ ਫ਼ਸਲਾਂ 'ਚ ਭਰ ਗਿਆ ਤਾਂ ਬਹੁਤੇ ਕਿਸਾਨ ਪਸ਼ੂਆਂ ਲਈ ਹਰਾ ਚਾਰ ਨਹੀਂ ਵੱਢ ਸਕੇ। ਉਨ੍ਹਾਂ ਦੱਸਿਆ ਕਿ ਪਸ਼ੂ ਹਰੇ ਚਾਰੇ ਤੋਂ ਜਿੱਥੇ ਵਾਂਝੇ ਹਨ, ਉੱਥੇ ਲੋਕਾਂ ਨੂੰ ਪੀਣ ਲਈ ਸਵੱਛ ਪਾਣੀ ਵੀ ਨਹੀਂ ਮਿਲ ਰਿਹਾ।

ਚਮੜੀ ਅਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਲੋਕ
'ਜਗ ਬਾਣੀ' ਨੂੰ ਹਾਸਲ ਹੋਏ ਵੇਰਵਿਆਂ 'ਚ ਇਹ ਤੱਥ ਉੱਭਰਿਆ ਹੈ ਕਿ ਦਰਿਆ ਦਾ ਪਾਣੀ ਲੰਮਾ ਸਮਾਂ ਇਸ ਖ਼ੇਤਰ ਦੇ ਲੋਕਾਂ ਦੇ ਘਰਾਂ ਅਤੇ ਖ਼ੇਤਾਂ 'ਚ ਖੜ੍ਹਨ ਕਰ ਕੇ ਲੋਕ ਚਮੜੀ ਅਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸਵੱਛ ਪਾਣੀ ਨਾ ਪੀਣ ਕਰ ਕੇ ਵੀ ਲੋਕ ਬੀਮਾਰੀਆਂ ਤੋਂ ਪੀੜਤ ਹੁੰਦੇ ਆਏ ਹਨ। ਲੋਕ ਦੱਸਦੇ ਹਨ ਕਿ ਕਈ ਦਫ਼ਾ ਇੱਥੇ ਬਾਰਸ਼ ਜ਼ਿਆਦਾ ਨਹੀਂ ਪੈਦੀ ਪਰ ਪਹਾੜਾਂ 'ਤੇ ਬਾਰਸ਼ ਹੋਣ ਮਗਰੋਂ ਜਦੋਂ ਭਾਖੜਾ ਡੈਮ ਦਾ ਪਾਣੀ ਸਤਲੁਜ ਦਰਿਆ 'ਚ ਛੱਡ ਦਿੱਤਾ ਜਾਂਦਾ ਹੈ ਤਾਂ ਇੱਥੇ ਆ ਕੇ ਉਹ ਪਾਣੀ ਵੀ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰਦਾ ਹੈ।

ਨਹੀਂ ਪਹੁੰਚਿਆ ਕੋਈ ਅਧਿਕਾਰੀ
ਐਤਵਾਰ ਨੂੰ ਪੂਰਾ ਦਿਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਰ ਕੇ ਡੁੱਬੀਆਂ ਫ਼ਸਲਾਂ ਤੋਂ ਚਿੰਤਤ ਦਰਿਆ ਕਿਨਾਰੇ ਵਸੇ ਲੋਕਾਂ ਦੀ ਸਾਰ ਲੈਣ ਲਈ ਸ਼ਾਮ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਾ, ਜਿਸ ਕਰ ਕੇ ਲੋਕਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਸੀ। ਇਸ ਮਾਮਲੇ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਫੌਰੀ ਤੌਰ 'ਤੇ ਐੱਸ. ਡੀ. ਐੱਮ. ਧਰਮਕੋਟ ਪੜਤਾਲ ਕਰਨਗੇ। ਕੁੱਝ ਕਿਸਾਨ ਦਰਿਆ 'ਚ ਵੀ ਫ਼ਸਲਾਂ ਦੀ ਬੀਜਾਈ ਕਰ ਲੈਂਦੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਰ ਸੰਭਵ ਸਹੁਲਤ ਪ੍ਰਦਾਨ ਕਰਵਾਈ ਜਾਵੇਗੀ।


author

cherry

Content Editor

Related News