ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ''ਪਾਈਲਟ ਪ੍ਰਾਜੈਕਟ'' ਸ਼ੁਰੂ ਕਰਨ ਦਾ ਫ਼ੈਸਲਾ

Thursday, Nov 05, 2020 - 01:01 PM (IST)

ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ''ਪਾਈਲਟ ਪ੍ਰਾਜੈਕਟ'' ਸ਼ੁਰੂ ਕਰਨ ਦਾ ਫ਼ੈਸਲਾ

ਮੋਗਾ (ਗੋਪੀ ਰਾਊਕੇ): ਜ਼ਿਲ੍ਹਾ ਮੋਗਾ 'ਚੋਂ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ੇ ਦੀ ਦਲਦਲ 'ਚ ਫ਼ਸੇ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਸਵੈ-ਰੋਜ਼ਗਾਰ ਨਾਲ ਜੋੜਨ ਲਈ ਉਪਰਾਲੇ ਸ਼ੁਰੂ ਕੀਤੇ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਨੂੰ ਇਕ ਪਾਈਲਟ ਪ੍ਰਾਜੈਕਟ ਤਿਆਰ ਕਰਨ ਦੀ ਹਦਾਇਤ ਕੀਤੀ ਹੈ। ਨਸ਼ਾ ਮੁਕਤ ਭਾਰਤ ਮੁਹਿੰਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਹੰਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਮੋਗਾ ਨੂੰ ਹਰ ਹੀਲੇ ਨਸ਼ੇ ਦੇ ਕੋਹੜ ਤੋਂ ਬਾਹਰ ਕੱਢਣਾ ਹੈ। ਇਸ ਲਈ ਹਰ ਵਿਭਾਗ ਅਤੇ ਅਧਿਕਾਰੀ ਆਪਣੇ ਪੱਧਰ 'ਤੇ ਉਪਰਾਲੇ ਕਰੇ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਨਸ਼ੇ ਨੂੰ ਛੱਡ ਕੇ ਆਪਣਾ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ, ਹਵਸ ਦੇ ਭੁੱਖਿਆਂ ਨੇ ਜਨਾਨੀ ਨੂੰ ਬਣਾਇਆ ਆਪਣਾ ਸ਼ਿਕਾਰ

ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਉਂਕਿ ਅਜਿਹੇ ਵਿਅਕਤੀਆਂ ਨੂੰ ਸਮਾਜਿਕ ਤੌਰ 'ਤੇ ਵੀ ਵਖਰੇਵੇ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਇਕ ਪਾਈਲਟ ਪ੍ਰਾਜੈਕਟ ਤਹਿਤ ਅਜਿਹੇ ਵਿਅਕਤੀਆਂ ਦਾ ਸਮਾਜ ਦੇ ਸਿਹਤਮੰਦ ਵਿਅਕਤੀਆਂ ਨਾਲ ਗਰੁੱਪ (ਸਾਂਝੀਦਾਰੀ) ਬਣਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕੀਤਾ ਜਾਵੇ। ਇਸ ਕੰਮ ਲਈ ਆਰਸੇਟੀ ਸੰਸਥਾ ਆਦਿ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ। ਸ੍ਰੀ ਹੰਸ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਲੋੜ ਹੈ ਕਿ ਜੋ ਵਿਅਕਤੀ ਇਸ ਭੈੜੀ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੜ ਵਸੇਬੇ ਵੱਲ ਤੋਰਿਆ ਜਾਵੇ। ਇਸ ਤੋਂ ਇਲਾਵਾ ਜੋ ਨੌਜਵਾਨ ਇਸ ਤੋਂ ਬਚੇ ਹਨ, ਉਨ੍ਹਾਂ ਨੂੰ ਬਚਾਅ ਕੇ ਰੱਖਿਆ ਜਾਵੇ। ਇਸ ਲਈ ਜ਼ਰੂਰੀ ਹੈ ਕਿ ਵੱਖ-ਵੱਖ ਮਾਧਿਅਮਾਂ ਰਾਹੀਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਲਈ ਵਿਦਿਆਰਥੀਆਂ, ਜਨਾਨੀਆਂ, ਗਾਰਡੀਅਨਜ਼ ਆਫ਼ ਗਵਰਨੈਂਸ, ਸੇਵਾਮੁਕਤ ਅਧਿਕਾਰੀਆਂ ਅਤੇ ਨੌਜਵਾਨਾਂ ਦਾ ਸਹਿਯੋਗ ਲਿਆ ਜਾਵੇ। ਸ੍ਰੀ ਹੰਸ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਨੂੰ ਲਗਾਤਾਰ ਚਲਾਉਣ ਅਤੇ ਲੋਕਾਂ ਤੱਕ ਲਿਜਾਣ ਲਈ ਬਕਾਇਦਾ ਕੈਲੰਡਰ ਤਿਆਰ ਕਰਨ। ਕੈਲੰਡਰ ਮੁਤਾਬਿਕ ਗਤੀਵਿਧੀਆਂ ਕਰਵਾਈਆਂ ਜਾਣ। ਇਸ ਮੌਕੇ ਸ੍ਰੀ ਹੰਸ ਨੇ ਵੱਖ-ਵੱਖ ਵਿਭਾਗਾਂ ਨੂੰ ਗਤੀਵਿਧੀਆਂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਉਹ ਮਹੀਨਾਵਾਰ ਇਸ ਦਾ ਰਿਵਿਊ ਕਰਿਆ ਕਰਨਗੇ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਮੋਗਾ, ਸਮੂਹ ਉੱਪ ਮੰਡਲ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼

'ਮੈਂ ਕੀ ਲੈਣਾ' ਦੀ ਮਿੱਥ ਨੂੰ ਤੋੜਨਾ ਪਵੇਗਾ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਸਾਰੇ ਅਧਿਕਾਰੀਆਂ ਨੂੰ ਭਾਵੁਕ ਅਪੀਲ ਕੀਤੀ ਕਿ ਜੇਕਰ ਅਸੀਂ ਵਾਕਿਆ ਹੀ ਇਸ ਦਿਸ਼ਾ 'ਚ ਕੁਝ ਕਰਨਾ ਚਾਹੁੰਦੇ ਹਾਂ ਅਤੇ ਹਾਂ-ਪੱਖੀ ਨਤੀਜੇ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ।' ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਸਾਨੂੰ ਨਸ਼ੇ ਦੀਆਂ ਗਤੀਵਿਧੀਆਂ ਬਾਰੇ ਪਤਾ ਵੀ ਲੱਗ ਜਾਂਦਾ ਹੈ ਪਰ ਅਸੀਂ ਉਸ ਬਾਰੇ ਇਹ ਕਹਿ ਕੇ ਅੱਖਾਂ ਬੰਦ ਕਰ ਲੈਣ ਨੂੰ ਤਰਜੀਹ ਦਿੰਦੇ ਹਾਂ ਕਿ 'ਮੈਂ ਕੀ ਲੈਣਾ'। ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਵੀ ਸਮਾਜਿਕ ਕੁਰੀਤੀ ਲਈ ਬਰਾਬਰ ਦੇ ਭਾਗੀਦਾਰ ਬਣ ਜਾਂਦੇ ਹਾਂ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ 'ਆਓ ਆਪਾਂ ਮੈਂ ਕੀ ਲੈਣਾ ਦੀ ਮਿੱਥ ਤੋੜ ਕੇ ਇਸ ਬੀਮਾਰੀ ਨੂੰ ਖ਼ਤਮ ਕਰਨ ਲਈ ਸਾਂਝੇ ਉਪਰਾਲੇ ਕਰੀਏ।'


author

Baljeet Kaur

Content Editor

Related News