ਮੋਗਾ ਪੁਲਸ ਵੱਲੋਂ ਲੱਖਾਂ ਰੁਪਏ ਮੁੱਲ ਦੀ ਅਫੀਮ ਸਮੇਤ 2 ਸਮੱਗਲਰ ਕਾਬੂ
Tuesday, Oct 04, 2022 - 06:14 PM (IST)

ਮੋਗਾ (ਅਜ਼ਾਦ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮਹਿਣਾ ਪੁਲਸ ਨੇ ਲੱਖਾਂ ਰੁਪਏ ਮੁੱਲ ਦੀ ਇਕ ਕਿੱਲੋ 300 ਗ੍ਰਾਮ ਅਫੀਮ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਇਕਬਾਲ ਹੁਸੈਨ ਅਤੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਮਾੜੇ ਅਨਸਰਾਂ ਦੀ ਤਲਾਸ਼ ਲਈ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸਰਬਜੀਤ ਸਿੰਘ ਉਰਫ ਸੋਨੂੰ ਅਤੇ ਗੁਰਦੇਵ ਸਿੰਘ ਉਰਫ ਬਿੱਲਾ ਦੋਨੋਂ ਨਿਵਾਸੀ ਪਿੰਡ ਕਾਉਂਕੇ ਕਲਾਂ ਜਗਰਾਓਂ ਅਫੀਮ ਸਮੱਗਲਰ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਆਪਣੀ ਕਾਰ ਰਾਹੀਂ ਅਫ਼ੀਮ ਲੈ ਕੇ ਗਾਹਕਾਂ ਨੂੰ ਸਪਲਾਈ ਕਰਨ ਲਈ ਮੋਗਾ ਵੱਲ ਆ ਰਹੇ ਹਨ, ਜਿਸ ’ਤੇ ਉਨ੍ਹਾਂ ਮਹਿਣਾ ਬੱਸ ਅੱਡਾ ਦੇ ਕੋਲ ਨਾਕਾਬੰਦੀ ਕਰ ਕੇ ਕਾਰ ਸਵਾਰ ਦੋਹਾਂ ਸਮੱਗਲਰਾਂ ਨੂੰ ਰੋਕਿਆ ਅਤੇ ਕਾਰ ਵਿਚੋਂ ਇਕ ਕਿੱਲੋ ਅਫੀਮ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਕਥਿਤ ਸਮੱਗਲਰਾਂ ਦੇ ਖਿਲਾਫ ਥਾਣਾ ਮਹਿਣਾ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੇ ਬਾਅਦ ਕਥਿਤ ਦੋਸ਼ੀ ਸਰਬਜੀਤ ਸਿੰਘ ਦੀ ਨਿਸ਼ਾਨਦੇਹੀ ’ਤੇ 300 ਗ੍ਰਾਮ ਅਫੀਮ ਹੋਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਅਫੀਮ ਉਹ ਰਾਜਸਥਾਨ ਤੋਂ ਲੈ ਕੇ ਆਏ ਸਨ। ਥਾਣਾ ਮੁਖੀ ਇਕਬਾਲ ਹੁਸੈਨ ਨੇ ਕਿਹਾ ਕਿ ਦੋਹਾਂ ਕਥਿਤ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਕਿੰਨੀ ਵਾਰ ਰਾਜਸਥਾਨ ਤੋਂ ਅਫੀਮ ਲਿਆ ਕੇ ਵੇਚ ਚੁੱਕੇ ਹਨ ਅਤੇ ਇਨ੍ਹਾਂ ਦੇ ਹੋਰ ਕਿਹੜੇ ਸਮੱਗਲਰਾਂ ਦੇ ਸਬੰਧ ਹਨ, ਜਿਨ੍ਹਾਂ ਦੇ ਨਾਂ ਪੁੱਛਗਿੱਛ ਦੌਰਾਨ ਸਾਹਮਣੇ ਆ ਸਕਦੇ ਹਨ। ਦੋਹਾਂ ਕਥਿਤ ਸਮੱਗਲਰਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਕਤ ਅਫੀਮ ਦੀ ਕੀਮਤ 2 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।