ਮਲੇਸ਼ੀਆ ''ਚ ਬੰਦੀ ਬਣਾਈ ਧੀ ਨੂੰ 5 ਸਾਲ ਬਾਅਦ ਵਾਪਸ ਲਿਆਈ ਮਾਂ

Monday, Jun 10, 2019 - 12:54 PM (IST)

ਮੋਗਾ (ਗੋਪੀ ਰਾਊਕੇ) : ਆਰਥਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਆਪਣੇ ਮਾਂ-ਬਾਪ ਨੂੰ ਗੁਰਬਤ 'ਚੋਂ ਕੱਢਣ ਲਈ 2014 'ਚ ਜਦੋਂ ਮੋਗਾ ਦੀ ਇਕ ਧੀ ਨੇ ਮਲੇਸ਼ੀਆ ਜਾਣ ਦਾ ਫੈਸਲਾ ਲਿਆ ਤਾਂ ਉਸ ਨੂੰ ਇਹ ਆਸ ਸੀ ਕਿ ਉਹ ਮਿਹਨਤ-ਮੁਸ਼ੱਕਤ ਨਾਲ ਜਿੱਥੇ ਆਪਣੇ ਪਰਿਵਾਰ ਨੂੰ ਗਰੀਬੀ ਦੀ ਦਲ-ਦਲ 'ਚੋਂ ਕੱਢ ਲਵੇਗੀ, ਉੱਥੇ ਹੀ ਉਸ ਦਾ ਆਪਣਾ ਭਵਿੱਖ ਵੀ ਸੁਨਹਿਰਾ ਬਣ ਜਾਵੇਗਾ ਪਰ ਸੁਖਵਿੰਦਰ ਕੌਰ ਨੂੰ ਇਸ ਗੱਲ ਦਾ ਰੱਤੀ ਭਰ ਵੀ ਇਲਮ ਨਹੀਂ ਸੀ ਕਿ ਜਿਸ ਮਲੇਸ਼ੀਆ ਵਿਚ ਉਹ ਪੈਸੇ ਕਮਾਉਣ ਲਈ ਜਾ ਰਹੀ ਹੈ, ਉੱਥੇ ਉਸ ਨੂੰ ਪੈਸੇ ਤਾਂ ਕੀ ਮਿਲਣੇ ਸਨ ਸਗੋਂ ਆਪਣੇ ਮਾਂ-ਬਾਪ ਨਾਲ ਫੋਨ 'ਤੇ ਗੱਲ ਕਰਨੀ ਵੀ ਨਸੀਬ ਨਹੀਂ ਹੋਵੇਗੀ।

5 ਵਰ੍ਹੇ ਮਲੇਸ਼ੀਆ 'ਚ ਪੰਜਾਬ ਦੀ ਕਿਰਨਜੀਤ ਕੌਰ ਨਾਂ ਦੀ ਔਰਤ ਵੱਲੋਂ 'ਬੰਦੀ' ਬਣਾ ਕੇ ਰੱਖੀ ਗਈ ਸੁਖਵਿੰਦਰ ਕੌਰ ਨੂੰ ਅੱਜ ਜਦੋਂ ਉਸ ਦੀ ਮਾਂ ਮਨਜੀਤ ਕੌਰ, ਜੋ ਆਪਣੀ ਧੀ ਨੂੰ ਮਲੇਸ਼ੀਆ 'ਚੋਂ ਲੱਭ ਕੇ ਲਿਆਈ ਹੈ, ਨੇ ਪੱਤਰਕਾਰਾਂ ਮੂਹਰੇ ਪੇਸ਼ ਕੀਤਾ ਤਾਂ ਰੋਂਦੀ ਸੁਖਵਿੰਦਰ ਨੇ ਦੱਸਿਆ ਕਿ ਪਹਿਲਾ ਤਾਂ ਉਸ ਦੇ ਪਰਿਵਾਰ ਨੇ 80 ਹਜ਼ਾਰ ਰੁਪਏ ਹੀ ਇੰਨੇ ਮੁਸ਼ਕਲ ਨਾਲ ਵਿਆਜ 'ਤੇ ਚੁੱਕ ਕੇ ਉਸ ਨੂੰ ਮਲੇਸ਼ੀਆ ਭੇਜਿਆ ਸੀ। ਮਲੇਸ਼ੀਆ ਦੀ ਧਰਤੀ 'ਤੇ ਪੈਰ ਰੱਖਣ ਮਗਰੋਂ ਉਸ ਨੂੰ ਕਿਰਨਜੀਤ ਕੌਰ ਦੇ ਘਰ ਭੇਜ ਦਿੱਤਾ, ਜਿੱਥੇ ਉਹ ਸਾਰਾ ਦਿਨ ਘਰ ਦਾ ਕੰਮ-ਕਾਰ ਕਰਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਸ ਦੀ ਫੋਨ 'ਤੇ ਮਾਪਿਆਂ ਨਾਲ ਗੱਲ-ਬਾਤ ਕਰਵਾਉਂਦੇ ਰਹੇ ਪਰ 5 ਮਹੀਨਿਆਂ ਮਗਰੋਂ ਉਸ ਨਾਲ ਘਰ ਵਿਚ ਮਾੜਾ ਵਿਵਹਾਰ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਅਕਸਰ ਕੁੱਟ-ਮਾਰ ਵੀ ਹੁੰਦੀ ਅਤੇ ਮਾਪਿਆਂ ਨਾਲ ਗੱਲ-ਬਾਤ ਵੀ ਨਹੀਂ ਕਰਵਾਈ ਜਾਂਦੀ। ਸੁਖਵਿੰਦਰ ਨੇ ਦੱਸਿਆ ਕਿ ਮੈਨੂੰ ਹਰ ਮਹੀਨੇ ਇਹ ਆਖ ਦਿੱਤਾ ਜਾਂਦਾ ਕਿ ਤੇਰੇ ਮੰਮੀ-ਪਾਪਾ ਨੂੰ 25 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਪੈਸੇ ਭੇਜੇ ਜਾਂਦੇ ਹਨ, ਜਦਕਿ ਅਸਲੀਅਤ ਇਹ ਸੀ ਕਿ ਮੰਮੀ-ਪਾਪਾ ਨੂੰ ਤਿੰਨ ਮਹੀਨਿਆਂ ਬਾਅਦ ਸਿਰਫ਼ 10 ਜਾਂ 15 ਹਜ਼ਾਰ ਹੀ ਭੇਜੇ ਜਾਂਦੇ ਸਨ ਅਤੇ ਇਕ ਸਾਲ ਮਗਰੋਂ ਤਾਂ ਇਹ ਵੀ ਬੰਦ ਹੋ ਗਏ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਰਨਜੀਤ ਕੌਰ ਦਾ ਮਲੇਸ਼ੀਆ 'ਚ ਨਾਂ ਕਿਰਨ ਹੈ ਅਤੇ ਉਸ ਦਾ ਪਤੀ ਰੋਬਿਟ ਸਟੀਫਨ ਹੈ ਅਤੇ ਉਹ ਚਰਚ ਜਾਂਦੇ ਸਨ ਅਤੇ ਉਸ ਦਾ ਵੀ ਉਨ੍ਹਾਂ ਨੇ ਧੱਕੇ ਨਾਲ ਧਰਮ ਤਬਦੀਲ ਕਰਵਾ ਦਿੱਤਾ ਸੀ।

2016 ਤੋਂ ਬੰਦ ਕਰ ਦਿੱਤੀ ਸੀ ਫੋਨ 'ਤੇ ਗੱਲ ਕਰਵਾਉਣੀ
ਸੁਖਵਿੰਦਰ ਨੇ ਦੱਸਿਆ ਕਿ 2016 ਤੋਂ ਉਸ ਦੀ ਆਪਣੇ ਮਾਪਿਆਂ ਨਾਲ ਫੋਨ 'ਤੇ ਗੱਲ ਕਰਵਾਉਣੀ ਹੀ ਬੰਦ ਕਰ ਦਿੱਤੀ ਗਈ ਸੀ। ਵਾਰ-ਵਾਰ ਚਾਰਾਜੋਈ ਕਰਨ 'ਤੇ ਵੀ ਉਸ ਦੀ ਭਾਰਤ ਮਾਪਿਆਂ ਨਾਲ ਗੱਲ ਨਹੀਂ ਕਰਵਾਈ ਜਾਂਦੀ ਸੀ।

ਇਸ ਤਰ੍ਹਾਂ ਮਾਪਿਆਂ ਨੂੰ ਮਿਲੀ ਸੁਖਵਿੰਦਰ
2017 'ਚ ਇਕ ਦਿਨ ਸ਼ਾਮ ਵੇਲੇ ਜਦੋਂ ਸੁਖਵਿੰਦਰ ਆਪਣੇ ਘਰ ਮਾਲਕਾਂ ਨਾਲ ਚਰਚ ਗਈ ਤਾਂ ਉੱਥੇ ਉਸ ਦੀ ਮੁਲਾਕਾਤ ਅਚਾਨਕ ਇਕ ਪੰਜਾਬੀ ਨਾਲ ਹੋਈ, ਜਿਸ ਨੂੰ ਉਸ ਨੇ ਆਪਣੇ ਭਾਰਤ ਰਹਿੰਦੇ ਮਾਪਿਆਂ ਦਾ ਫੋਨ ਨੰਬਰ ਦਿੰਦਿਆਂ ਆਪਣਾ ਮਲੇਸ਼ੀਆ ਪਤਾ ਵੀ ਦੱਸ ਦਿੱਤਾ। ਸੁਖਵਿੰਦਰ ਨੇ ਉਸ ਪੰਜਾਬੀ ਪਰਿਵਾਰ ਨੂੰ ਇਸ ਚੁੰਗਲ 'ਚੋਂ ਛੁਡਵਾਉਣ ਦੀ ਬੇਨਤੀ ਵੀ ਕੀਤੀ। ਇਸ ਮਗਰੋਂ ਜਦੋਂ ਪੰਜਾਬੀ ਮੂਲ ਦੇ ਇਸ ਪਰਿਵਾਰ ਨੇ ਸੁਖਵਿੰਦਰ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਸੁਖਵਿੰਦਰ ਦੀ ਦੁੱਖਾਂ ਭਰੀ ਜ਼ਿੰਦਗੀ ਬਾਰੇ ਜਾਣੂ ਕਰਵਾਇਆ।

ਕਿਸੇ ਸਿਆਸੀ ਆਗੂ ਨੇ ਨਹੀਂ ਸੁਣੀ ਮੇਰੀ ਫਰਿਆਦ : ਮਨਜੀਤ ਕੌਰ
ਸੁਖਵਿੰਦਰ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ 2018 ਦਾ ਪੂਰਾ ਸਾਲ ਸੁਖਵਿੰਦਰ ਨੂੰ ਭਾਰਤ ਲਿਆਉਣ ਲਈ ਕਦੇ ਉਹ ਵਿਦੇਸ਼ ਮੰਤਰਾਲੇ ਨੂੰ ਚਿੱਠੀਆਂ ਲਿਖਦੀ ਅਤੇ ਕਦੇ ਸੰਸਦ ਮੈਂਬਰ ਅਤੇ ਹੋਰ ਸਿਆਸੀ ਆਗੂਆਂ ਦੇ 'ਹਾੜੇ' ਕੱਢਦੀ ਪਰ ਜਦੋਂ ਕਿੱਧਰੋਂ ਵੀ ਉਸ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਉਹ ਮਜਬੂਰੀਵੱਸ ਪਾਸਪੋਰਟ ਬਣਾ ਕੇ ਮਲੇਸ਼ੀਆ 7 ਮਈ, 2019 ਨੂੰ ਗਈ ਅਤੇ ਫਿਰ ਗੁਰਦੁਆਰਾ ਸਾਹਿਬ ਮਲੇਸ਼ੀਆ ਦੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਸਹਾਇਤਾ ਨਾਲ ਸੁਖਵਿੰਦਰ ਕੌਰ ਨੂੰ ਭਾਰਤ ਲਿਆਈ।

ਧੀ ਦੀ 'ਚਿੰਤਾ' ਨੇ ਮੈਨੂੰ ਬੀਮਾਰੀਆਂ ਨੇ ਘੇਰਿਆ : ਗੁਰਜੰਟ ਸਿੰਘ
ਸੁਖਵਿੰਦਰ ਕੌਰ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਧੀ ਦੀ ਚਿੰਤਾ ਨੇ ਉਸ ਨੂੰ ਬੀਮਾਰੀਆਂ ਨੇ ਅਜਿਹਾ ਘੇਰਿਆ ਕਿ ਉਹ ਮੰਜੇ ਨਾਲ ਮੰਜਾ ਬਣ ਗਿਆ। ਇਸ ਮਾਮਲੇ ਸਬੰਧੀ ਇੱਥੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦਿੱਤਾ ਤਾਂ ਕਿ ਉਨ੍ਹਾਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰਵਾ ਕੇ ਹੋਰ ਕਾਰਵਾਈ ਸੰਭਵ ਹੋ ਸਕੇ। ਉਨ੍ਹਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਮੋਗਾ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News