ਮੋਗਾ: ਗੁਰਦੁਆਰੇ ''ਚ ਕੰਮ ਕਰਦੀਆਂ ਔਰਤਾਂ ਦੀ ਕੁੱਟਮਾਰ

Saturday, Dec 07, 2019 - 03:18 PM (IST)

ਮੋਗਾ: ਗੁਰਦੁਆਰੇ ''ਚ ਕੰਮ ਕਰਦੀਆਂ ਔਰਤਾਂ ਦੀ ਕੁੱਟਮਾਰ

ਮੋਗਾ (ਵਿਪਨ)—ਮੋਗਾ ਦੇ ਪਿੰਡ ਡਗਰੂ ਦੇ ਕੋਲ ਇਕ ਗੁਰਦੁਆਰਾ ਸਾਹਿਬ 'ਚ ਪਿਛਲੇ 15 ਸਾਲ ਤੋਂ ਕੰਮ ਕਰ ਰਹੀਆਂ 2 ਔਰਤਾਂ ਦੀ ਗੁਰਦੁਆਰੇ ਦੀ ਬਣਾਈ ਨਵੀਂ ਕਮੇਟੀ ਵਲੋਂ ਮਾਰਕੁੱਟ ਕੀਤੀ ਗਈ। ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਨਵੀਂ ਕਮੇਟੀ ਵਲੋਂ ਗੁਰਦੁਆਰੇ 'ਚ ਦਾਖਲ ਨਾ ਹੋਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਕਿਉਂਕਿ ਉਹ ਛੋਟੀ ਜਾਤੀ ਨਾਲ ਸਬੰਧ ਰੱਖਦੀਆਂ ਸਨ। ਔਰਤਾਂ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਕੱਲ੍ਹ ਇਕ ਦਰਖਾਸਤ ਥਾਣਾ ਸਦਰ ਮੋਗਾ 'ਚ ਦਿੱਤੀ ਗਈ ਸੀ ਪਰ ਪੁਲਸ ਵਲੋਂ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਪੁਲਸ 'ਤੇ ਵੀ ਦੋਸ਼ ਲਗਾਏ ਹਨ ਕਿ ਪੁਲਸ ਵਲੋਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਵੀ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਲੋਕਾਂ ਨੇ ਅੱਜ ਸਵੇਰੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਔਰਤਾਂ ਦੇ ਨਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਨੂੰ ਨਵੀਂ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਅਤੇ ਅੱਜ ਸਵੇਰੇ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ ਗਈ। ਕਸੂਰ ਸਿਰਫ ਇੰਨਾ ਸੀ ਕਿ ਉਹ ਛੋਟੀ ਜਾਤੀ ਨਾਲ ਸਬੰਧ ਰੱਖਦੀਆਂ ਸਨ ਅਤੇ ਨਵੀਂ ਕਮੇਟੀ ਵਲੋਂ ਇਨ੍ਹਾਂ ਛੋਟੀ ਜਾਤੀ ਦੀਆਂ ਔਰਤਾਂ ਨੂੰ ਗੁਰਦੁਆਰਾ ਸਾਹਿਬ 'ਚ ਦਾਖਲ ਨਹੀਂ ਹੋਣ ਦੀ ਧਮਕੀ ਦਿੱਤੀ ਗਈ ਸੀ।

ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਬੰਧਿਤ ਔਰਤਾਂ ਵਲੋਂ ਕੱਲ੍ਹ ਇਕ ਦਰਖਾਸਤ ਦਿੱਤੀ ਗਈ ਸੀ। ਕੱਲ੍ਹ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਅੱਜ ਦਾ ਸਮਾਂ ਲਿਆ ਸੀ। ਅੱਜ ਜੋ ਘਟਨਾ ਹੋਈ ਇਸ ਦੇ ਬਾਰੇ ਅਜੇ ਤੱਕ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦਾ ਆਪਸ 'ਚ ਕੋਈ ਟਕਰਾਅ ਹੈ, ਜਿਸ ਦੇ ਕਾਰਨ ਇਹ ਵਿਵਾਦ ਹੋਇਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Shyna

Content Editor

Related News