ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਅਨੇਕਾਂ ਦੁਸ਼ਵਾਰੀਆਂ ਦਾ ਕਰਨਾ ਪੈ ਰਿਹੈ ਸਾਹਮਣਾ

Saturday, May 02, 2020 - 12:32 PM (IST)

ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਅਨੇਕਾਂ ਦੁਸ਼ਵਾਰੀਆਂ ਦਾ ਕਰਨਾ ਪੈ ਰਿਹੈ ਸਾਹਮਣਾ

ਮੋਗਾ (ਗੋਪੀ ਰਾਊਕੇ): ਕੋਰੋਨਾ ਦੇ ਕਹਿਰ ਦੇ ਚੱਲਦੇ 40 ਦਿਨ ਪਹਿਲਾਂ ਲੱਗੇ ਕਰਫਿਊ ਤੋਂ ਪਹਿਲਾਂ ਰੋਜ਼ਾਨਾਂ 8 ਘੰਟੇ ਮਿਹਨਤ ਕਰਦੇ ਹੋਏ 300 ਤੋਂ 500 ਰੁਪਏ ਕਮਾਉਣ ਵਾਲੇ ਮਜ਼ਦੂਰ ਅਤੇ 600 ਤੋਂ 750 ਰੁਪਏ ਕਮਾਉਣ ਵਾਲਾ ਮਿਸਤਰੀ ਵਰਗ ਅੱਜ 'ਮੰਗਤਿਆਂ ਵਾਂਗ ਕਦੇ ਕਿਸੇ ਲੰਗਰ ਅਤੇ ਕਿਸੇ ਲੰਗਰ ਜਾਂ ਕੇ ਪੇਟ ਦੀ ਅਗਨੀ ਸ਼ਾਂਤ ਕਰਨ ਲਈ ਸਾਰਾ ਦਿਨ ਇੱਧਰ ਓਧਰ ਭਟਕਦੇ ਰਹਿੰਦੇ ਹਨ। ਮੋਗਾ ਦੇ ਅੰਡਰਬ੍ਰਿਜ਼ ਕੋਲ ਕਰਫਿਊ ਤੋਂ ਪਹਿਲਾਂ 'ਮਿਸਤਰੀ ਜੀ ਮਿਸਤਰੀ ਜੀ' ਕਹਿ ਕੇ ਆਵਾਜ਼ਾਂ ਮਾਰ-ਮਾਰ ਇਨ੍ਹਾਂ ਤੋਂ ਟਾਈਮ ਮੰਗਣ ਵਾਲੇ ਸ਼ਹਿਰ ਵਾਸੀ ਹੁਣ ਖਾਲੀ ਬੈਠੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਕੰਮ ਲਈ ਘਰਾਂ 'ਚ ਨਹੀਂ ਲੈ ਜਾ ਰਹੇ। ਰਾਸ਼ਟਰੀ ਮਜ਼ਦੂਰ ਦਿਵਸ 'ਤੇ ਅੱਜ ਜਦ ਇਨ੍ਹਾਂ ਮਜ਼ਦੂਰਾਂ ਦਾ 'ਜਗ ਬਾਣੀ' ਵੱਲੋਂ ਦਰਦ ਜਾਨਣ ਲਈ ਵਿਸ਼ੇਸ਼ ਰਿਪੋਰਟ ਇਕੱਤਰ ਕੀਤੀ ਗਈ ਤਾਂ ਉਨ੍ਹਾਂ ਦੀਆਂ ਅੱਖਾਂ ਦਾ ਦਰਦ ਆਪ ਮੁਹਾਰੇ ਹੀ ਵਹਿ ਤੁਰਿਆ।

ਇਕ ਪਿੰਡ ਵਾਸੀ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਮਜ਼ਦੂਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੋ ਸਮੇਂ ਦੀ ਰੋਜ਼ੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਪਰਿਵਾਰ ਦਾ ਪੇਟ ਪਾਲਣ ਤੋਂ ਅਸਮਰਥ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾਂ ਇਸ ਉਮੀਦ ਨਾਲ ਮੋਗਾ ਆਉਂਦੇ ਹਨ ਕਿ ਕੋਈ ਨਾ ਕੋਈ ਜਰੂਰ ਉਨ੍ਹਾਂ ਨੂੰ ਕੰਮ ਦੇਵੇਗਾ, ਪਰ ਕਰਫਿਊ ਦੇ ਚੱਲਦੇ ਸਮੁੱਚੇ ਠੱਪ ਪਏ ਕੰਮਕਾਜ਼ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਜਾਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਜਦ ਕੋਰੋਨਾਂ ਦਾ ਕਰਫਿਊ ਲੱਗਾ ਸੀ, ਤਾਂ ਪਹਿਲਾਂ-ਪਹਿਲਾਂ ਤਾਂ ਸੰਸਥਾਵਾਂ ਵੱਲੋਂ ਲਾਏ ਜਾਂਦੇ ਜ਼ਿਆਦਾਤਰ ਲੰਗਰਾਂ ਦੇ ਚੱਲਦੇ ਉਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਵੀ ਮਿਲ ਜਾਂਦੀ ਸੀ, ਪਰ ਹੁਣ ਤਾਂ ਕਈ ਵਾਰ ਭੁੱਖੇ ਪਿਆਸੇ ਜਾਣਾ ਪੈਂਦਾ ਹੈ। ਇਕ ਹੋਰ ਮਜ਼ਦੂਰ ਦਾ ਦੱਸਣਾ ਸੀ ਕਿ ਮਜ਼ਦੂਰ ਦਿਵਸ 'ਤੇ ਅੱਜ ਸਾਰੇ ਸਾਲਾਂ ਦੀ ਤਰ੍ਹਾਂ ਲੀਡਰਾਂ ਅਤੇ ਪ੍ਰਸ਼ਾਸਨ ਵੱਲੋਂ ਹੱਥ ਖੜੇ ਕਰ ਕੇ ਵੱਡੇ ਦਾਅਵੇ ਕੀਤੇ ਜਾਣਗੇ, ਪਰ ਹਕੀਕੀ ਤੌਰ 'ਤੇ ਮਜ਼ਦੂਰਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ ਹੈ।ਉਨ੍ਹਾਂ ਕਿਹਾ ਕਿ ਕੋਰੋਨਾਂ ਦੇ ਨਾਲ-ਨਾਲ ਉਨ੍ਹਾਂ ਨੂੰ ਹੁਣ ਭੁੱਖੇ ਪੇਟ ਮਰਨ ਦਾ ਡਰ ਜ਼ਿਆਦਾ ਸਤਾ ਰਿਹਾ ਹੈ। ਪ੍ਰਧਾਨ ਸੰਤੋਸ਼ ਸਿੰਘ ਅਤੇ ਮਜ਼ਦੂਰ ਬਲਦੇਵ ਸਿੰਘ ਨੇ ਕਿਹਾ ਕਿ 40 ਦਿਨਾਂ ਤੋਂ ਖਾਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਗਰੀਬ ਵਿਅਕਤੀ ਹੁਣ ਘਰਾਂ 'ਚ ਨਹੀਂ ਬੈਠ ਸਕਦੇ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਿਯਮਾਂ ਅਨੁਸਾਰ ਕੰਮ ਕਰਨ ਦੀ ਛੋਟ ਦੇਣ।

ਸਰਕਾਰ ਅਤੇ ਪ੍ਰਸ਼ਾਸਨ ਮਜ਼ਦੂਰ ਵਰਗ ਦੀ ਸਹਾਇਤਾ ਕਰੇ : ਭੁਪਿੰਦਰ ਸਾਹੋਕੇ
ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦਾ ਕਹਿਣਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਦੌਰ 'ਚ ਮਜ਼ਦੂਰ ਵਰਗ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮਜ਼ਦੂਰ ਵਰਗ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਜ਼ਦੂਰ ਵਰਗ ਦੇ ਖਾਤਿਆਂ 'ਚ ਆਪਣੇ ਤੌਰ 'ਤੇ ਹੀ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ, ਕਿਉਂਕਿ ਖਾਲੀ ਬੈਠਾ ਮਜ਼ਦੂਰ ਵਰਗ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਣ ਤੋਂ ਅਸਮਰਥ ਹੋ ਗਿਆ ਹੈ।


author

Shyna

Content Editor

Related News