ਮੋਦੀ ਸਰਕਾਰ ਨੇ ਘੱਟ ਗਿਣਤੀਆਂ ਦੇ ਨੌਜਵਾਨ ਵਰਗ ਨੂੰ ਸਕਿੱਲ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਸਕੀਮਾਂ ਲਿਆਂਦੀਆਂ : ਰਿਜਿਜੂ
Thursday, Jul 17, 2025 - 09:55 AM (IST)

ਅੰਮ੍ਰਿਤਸਰ (ਸਰਬਜੀਤ) : ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਿਚ ਘੱਟ ਗਿਣਤੀਆਂ ਦੇ ਨੌਜਵਾਨ ਵਰਗ ਨੂੰ ਸਕਿੱਲ ਟਰੇਨਿੰਗ ਦੇਣ ਵਾਸਤੇ ਵਿਸ਼ੇਸ਼ ਸਕੀਮਾਂ ਲਿਆਂਦੀਆਂ ਹਨ ਜਿਸਦਾ ਇਹਨਾਂ ਨੌਜਵਾਨਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਤੋਂ ਬਾਅਦ ਹੁਣ ਇੰਡੀਗੋ ਦਾ ਜਹਾਜ਼ 'ਚ ਆਈ ਖਰਾਬੀ, ਹਵਾ 'ਚ ਹੀ ਇੰਜਣ ਹੋ ਗਿਆ ਫੇਲ੍ਹ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਕੇਂਦਰ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਵਿਕਾਸ ਟਰੇਨਿੰਗ ਸੈਂਟਰ ਵਿਖੇ ਪ੍ਰਧਾਨ ਮੰਤਰੀ ਵਿਰਾਸਤ ਕਾ ਸਮਵਰਧਨ ਅਤੇ ਤਿੰਨ ਲੈਬਸ ਦੇ ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ ਸਿੱਖ, ਮੁਸਲਿਮ, ਈਸਾਈ, ਪਾਰਸੀ, ਬੌਧੀ, ਜੈਨੀ ਭਾਈਚਾਰਿਆਂ ਦੇ ਨੌਜਵਾਨਾਂ ਵਾਸਤੇ ਅਸੀਂ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸਕਿੱਲ (ਹੁਨਰ) ਸਿੱਖਲਾਈ ਵਾਸਤੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪ੍ਰੈਲ ਮਹੀਨੇ ਵਿਚ ਐਮ ਓ ਯੂ ਸਾਈਨ ਕੀਤਾ ਸੀ ਤੇ ਉਹਨਾਂ ਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਕਮੇਟੀ ਨੇ ਬਹੁਤ ਤੇਜ਼ ਰਫਤਾਰ ਨਾਲ ਟਰੇਨਿੰਗ ਸੈਂਟਰ ਸਥਾਪਿਤ ਕਰ ਕੇ ਨੌਜਵਾਨਾਂ ਨੂੰ ਸਿੱਖਲਾਈ ਵੀ ਦਿੱਤੀ ਹੈ ਤੇ ਅਗਲੇ ਤਿੰਨ ਮਹੀਨਿਆਂ ਦੀ ਟਰੇਨਿੰਗ ਸਮਾਪਤ ਹੋਣ ’ਤੇ ਇਹਨਾਂ ਦੀਆਂ ਕਿਸੇ ਨਾ ਕਿਸੇ ਕੰਪਨੀ ਵਿਚ ਨੌਕਰੀ ਦਾ ਪ੍ਰਬੰਧ ਵੀ ਕਰ ਦਿੱਤਾ ਹੈ।
ਉਹਨਾਂ ਦੱਸਿਆ ਕਿ ਸਕੀਮ ਤਹਿਤ ਸਿੱਖਲਾਈ ਲੈ ਰਹੇ ਹਰ ਨੌਜਵਾਨ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਦਿੱਲੀ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਮੰਗਵਾਈ ਸੀ ਜਿਸ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ ਕਿ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਵਾਸਤੇ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿਚ ਕੰਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇੰਨੀ ਵੱਡੀ ਪੱਧਰ ’ਤੇ ਸਫਲਤਾ, ਅਨੁਸ਼ਾਸਨ ਤੇ ਸਮਰਪਣ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਸਕਿੱਲ ਸੈਂਟਰ ਨੂੰ ਸਫਲਤਾ ਨਾਲ ਚਲਾਉਣ ਲਈ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਸਮੇਤ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਗੋਲਡ ਸਮੱਗਲਿੰਗ ਮਾਮਲੇ 'ਚ ਅਦਾਕਾਰਾ ਨੂੰ ਮਿਲੀ ਸਜ਼ਾ, 1 ਸਾਲ ਦੀ ਹੋਈ ਜੇਲ੍ਹ
ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕੇਂਦਰ ਸਰਕਾਰ ਨੇ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਨੂੰ ਸਕਿੱਲ ਟਰੇਨਿੰਗ ਦੇਣ ਵਾਸਤੇ ਅਜਿਹੀ ਸਕੀਮ ਲਿਆਂਦੀ ਜਿਸਦਾ ਵੱਡਾ ਲਾਹਾ ਨੌਜਵਾਨ ਵਰਗ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਸਕੀਮ ਤਹਿਤ ਦਿੱਲੀ ਗੁਰਦੁਆਰਾ ਕਮੇਟੀ ਨਾਲ ਜੋ ਐਮ ਓ ਯੂ ਸਾਈਨ ਕੀਤਾ ਗਿਆ ਹੈ, ਉਸ ਮੁਤਾਬਕ 100 ਕਰੋੜ ਰੁਪਏ ਦੀ ਲਾਗਤ ਨਾਲ 10 ਹਜ਼ਾਰ ਨੌਜਵਾਨ ਸਕਿੱਲ ਟਰੇਨਿੰਗ ਲੈਣਗੇ। ਉਹਨਾਂ ਦੱਸਿਆ ਕਿ ਮੌਜੂਦਾ ਸੈਂਟਰ ਪਿਛਲੇ ਇਕ ਮਹੀਨੇ ਤੋਂ ਕੰਮ ਕਰ ਰਿਹਾ ਹੈ ਅਤੇ ਜਿਥੇ ਜਿਥੇ ਵੀ ਸਾਨੂੰ ਨੌਜਵਾਨ ਵਰਗ ਲੋੜੀਂਦੀ ਗਿਣਤੀ ਵਿਚ ਮਿਲਣਗੇ, ਉਹਨਾਂ ਇਲਾਕਿਆਂ ਵਿਚ ਅਜਿਹੇ ਸਕਿੱਲ ਟਰੇਨਿੰਗ ਸੈਂਟਰ ਸਥਾਪਿਤ ਕਰ ਕੇ ਉਹਨਾਂ ਨੂੰ ਸਿੱਖਲਾਈ ਦਿੱਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਨੂੰ ਭਰੋਸਾ ਦੁਆਇਆ ਹੈ ਕਿ ਸਕੀਮ ਤਹਿਤ 10 ਹਜ਼ਾਰ ਤੋਂ ਇਲਾਵਾ ਵੀ ਹੋਰ ਜਿੰਨੇ ਨੌਜਵਾਨਾਂ ਨੂੰ ਸਕਿੱਲ ਟਰੇਨਿੰਗ ਦੀ ਜ਼ਰੂਰਤ ਹੋਵੇਗੀ, ਅਸੀਂ ਪ੍ਰਦਾਨ ਕਰਾਂਗੇ। ਸਮਾਗਮ ਵਿਚ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਕੇਂਦਰੀ ਘੱਟ ਗਿਣਤੀ ਮੰਤਰਾਲੇ ਦੇ ਜੁਆਇੰਟ ਸਕੱਤਰ ਚਰਨਪ੍ਰੀਤ ਸਿੰਘ ਬਖਸ਼ੀ ਉਚੇਚੇ ਤੌਰ ’ਤੇ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8