ਮੈਂ ਕਿਸੇ ਵੀ ਸਿਆਸੀ ਪਾਰਟੀ ਦਾ ਏਜੰਟ ਨਹੀਂ ਪਰ ਇਸ ਹਵਾ ਨੂੰ ਪਿੱਠ ਨਹੀਂ ਦਿਖਾਵਾਂਗਾ : ਕਨ੍ਹਈਆ

Tuesday, Oct 24, 2017 - 05:50 AM (IST)

ਮੈਂ ਕਿਸੇ ਵੀ ਸਿਆਸੀ ਪਾਰਟੀ ਦਾ ਏਜੰਟ ਨਹੀਂ ਪਰ ਇਸ ਹਵਾ ਨੂੰ ਪਿੱਠ ਨਹੀਂ ਦਿਖਾਵਾਂਗਾ : ਕਨ੍ਹਈਆ

ਚੰਡੀਗੜ੍ਹ(ਹਾਂਡਾ)-ਆਪਣੇ ਹੀ ਦੇਸ਼ 'ਚ ਆਜ਼ਾਦੀ ਮੰਗ ਕੇ ਵਿਵਾਦਾਂ 'ਚ ਰਹਿਣ ਤੋਂ ਬਾਅਦ ਦੇਸ਼ਧ੍ਰੋਹ ਦਾ ਕੇਸ ਝੱਲ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ  ਵਿਦਿਆਰਥੀ ਸੰਗਠਨ ਦੇ ਪ੍ਰਧਾਨ ਅਤੇ ਮਾਰਕਸਵਾਦੀ ਪਾਰਟੀ ਦੇ ਯੂਥ ਵਿੰਗ ਦੇ ਨੇਤਾ ਕਨ੍ਹਈਆ ਕੁਮਾਰ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਏਜੰਟ ਨਹੀਂ ਹੈ ਭਾਵੇਂ ਉਹ ਲੈਫਟ ਹੀ ਕਿਉਂ ਨਾ ਹੋਵੇ? ਉਸ ਦਾ ਮੰਨਣਾ ਹੈ ਕਿ ਸਿਆਸਤ ਇਕ ਹਵਾ ਵਾਂਗ ਹੈ, ਜਿਸ ਦਾ ਰੁਖ ਕਿਸ ਪਾਸੇ ਹੋਵੇਗਾ ਕੋਈ ਨਹੀਂ ਜਾਣਦਾ ਪਰ ਮੈਂ ਇਸ ਹਵਾ ਨੂੰ ਕਦੇ ਪਿੱਠ ਨਹੀਂ ਦਿਖਾਵਾਂਗਾ। ਚੰਡੀਗੜ੍ਹ ਪ੍ਰੈੱਸ ਕਲੱਬ 'ਚ 'ਰੂ-ਬਰੂ' ਪ੍ਰੋਗਰਾਮ 'ਚ ਪਹੁੰਚੇ ਕਨ੍ਹਈਆ ਨੇ ਕਿਹਾ ਕਿ ਉਹ ਜਿਸ ਆਜ਼ਾਦੀ ਦੀ ਗੱਲ ਕਰ ਰਿਹਾ ਹੈ, ਨੂੰ ਉਹ ਜਾਰੀ ਰੱਖੇਗਾ, ਕਿਉਂਕਿ ਦੇਸ਼ ਦੇ ਹਰ ਨਾਗਰਿਕ ਨੂੰ ਉਸ ਆਜ਼ਾਦੀ ਦੀ ਲੋੜ ਹੈ, ਜੋ ਮਿਲ ਨਹੀਂ ਰਹੀ। ਭਾਵੇਂ ਉਹ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਹੋਵੇ, ਫਿਰਕੂਵਾਦ ਤੋਂ ਆਜ਼ਾਦੀ ਹੋਵੇ, ਮਹਿੰਗਾਈ ਤੋਂ, ਦੌਲਤਮੰਦਾਂ ਤੋਂ ਜਾਂ ਫਿਰ ਬੇਰੁਜ਼ਗਾਰੀ ਤੋਂ। ਉਨ੍ਹਾਂ ਕਿਹਾ ਕਿ ਮੇਰਾ ਆਜ਼ਾਦੀ ਤੋਂ ਭਾਵ ਇਹੋ ਸੀ ਪਰ ਉਸ ਨੂੰ ਦੇਸ਼ਧ੍ਰੋਹ ਕਰਾਰ ਦੇ ਦਿੱਤਾ ਗਿਆ, ਕਿਉਂਕਿ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਦੇਸ਼ ਦਾ ਯੂਥ ਜਾਗਰੂਕ ਹੋਵੇ ਅਤੇ ਉਹ ਆਪਣੀ ਸਿਆਸਤ ਦੀ ਦੁਕਾਨ ਚਲਾਉਂਦੇ ਰਹਿਣ। ਧਰਮ ਦੇ ਨਾਂ 'ਤੇ ਸਿਆਸਤ ਨਾਲ ਸਾਧੇ ਜਾ ਰਹੇ ਹਨ ਸਵਾਰਥ-ਕਨ੍ਹਈਆ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਬਣੀ ਸੀ, ਉਹ ਉਨ੍ਹਾਂ ਤੋਂ ਭਟਕ ਗਈ  ਹੈ। ਧਰਮ ਦੇ ਨਾਂ 'ਤੇ ਰਾਜਨੀਤੀ ਨਾਲ ਸਵਾਰਥ ਸਾਧੇ ਜਾ ਰਹੇ ਹਨ ਅਤੇ ਇਹ ਸਵਾਰਥ ਦੇਸ਼ ਨੂੰ ਤੋੜਨ ਤੇ ਵੰਡਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਕ ਨਹੀਂ ਸਗੋਂ ਦੋ ਵਿਅਕਤੀ ਹਨ, ਇਕ ਉਹ ਜੋ ਕੈਮਰੇ ਦੇ ਸਾਹਮਣੇ ਗਰੀਬੀ ਮਿਟਾਉਣ, ਭ੍ਰਿਸ਼ਟਾਚਾਰ ਮਿਟਾਉਣ ਅਤੇ ਬੇਰੁਜ਼ਗਾਰੀ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ ਅਤੇ ਇਕ ਉਹ ਮੋਦੀ ਹਨ ਜਿਨ੍ਹਾਂ ਦੀ ਪਿੱਠ 'ਤੇ ਕਿਸੇ ਦੂਜੇ ਦਾ ਹੱਥ ਹੈ, ਜਿਨ੍ਹਾਂ ਲਈ ਉਹ ਦੇਸ਼ 'ਚ ਨੋਟਬੰਦੀ ਕਰਦਾ ਹੈ, ਜੀ. ਐੱਸ. ਟੀ. ਲਾਗੂ ਕਰਦਾ ਹੈ, ਜੋ ਕਿ ਦਰਮਿਆਨੇ ਅਤੇ ਛੋਟੇ ਵਪਾਰੀਆਂ ਨੂੰ ਕੁਝ-ਇਕ ਉਦਯੋਗਿਕ ਘਰਾਣਿਆਂ ਦੇ ਅਧੀਨ ਲਿਆਉਣ ਦੀ ਸਾਜ਼ਿਸ਼ ਹੈ। 


Related News