ਨੇਤਾ ਨੇ ਝੱਗੀ ਸਿਵਾਈ ਪਰ ਕਿਸੇ ਕੰਮ ਨਾ ਆਈ!

Saturday, Sep 09, 2017 - 03:23 AM (IST)

ਲੁਧਿਆਣਾ(ਮੁੱਲਾਂਪੁਰੀ)-ਦੇਸ਼ ਦੀ ਮੋਦੀ ਸਰਕਾਰ 'ਚ ਇਕ ਸਿੱਖ ਆਗੂ ਨੂੰ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕਰਨ ਦੀ ਉੱਡੀ ਖ਼ਬਰ ਨੇ ਅਕਾਲੀ ਦਲ ਨਾਲ ਸਬੰਧਤ ਐੱਮ. ਪੀਜ਼ ਦੀ ਨੀਂਦ ਹਰਾਮ ਕਰ ਦਿੱਤੀ ਸੀ, ਕਿਉਂਕਿ ਅਕਾਲੀ ਦਲ ਦੇ ਐੱਮ. ਪੀ. ਭਰਾਵਾਂ ਨੂੰ ਇਸ ਗੱਲ ਦਾ ਭਰੋਸਾ ਸੀ ਕਿ ਮੋਦੀ ਸਰਕਾਰ ਨਾਲ ਉਨ੍ਹਾਂ ਦੀ ਪਾਰਟੀ ਦੀ ਗੂੜ੍ਹੀ ਸਾਂਝ ਹੈ, ਜਿਸ ਕਾਰਨ ਕਿਸੇ ਸਿੱਖ ਐੱਮ. ਪੀ. ਦਾ ਮੰਤਰੀ ਮੰਡਲ 'ਚ ਨੰਬਰ ਜ਼ਰੂਰ ਲੱਗੇਗਾ। ਇਸ ਉੱਡੀ ਖ਼ਬਰ ਨੂੰ ਲੈ ਕੇ ਅਕਾਲੀ ਦਲ ਨਾਲ ਸਬੰਧਤ ਐੱਮ. ਪੀਜ਼ ਨੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਇਕ ਐੱਮ. ਪੀ. ਨੇ ਤਾਂ ਸ਼ਾਮਲ ਹੋਣ ਲਈ ਆਪਣੇ ਮਨ 'ਚ ਇੰਨਾ ਭਰੋਸਾ ਜਤਾ ਲਿਆ ਕਿ ਮੰਤਰੀ ਬਣਨ ਦੀ ਆਸ ਨਾਲ ਨਵੀਂ ਝੱਗੀ ਭਾਵ ਜੈਕਟ ਵੀ ਸਿਵਾ ਲਈ ਪਰ ਜਦੋਂ ਸਾਰੀ ਅਸਲੀਅਤ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਕੋਈ ਵੀ ਸਿੱਖ ਅਕਾਲੀ ਦਲ ਦੇ ਐੱਮ. ਪੀ. ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਸਗੋਂ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਜਮਾਤੀ ਤੇ ਚੋਟੀ ਦਾ ਸਾਬਕਾ ਅਧਿਕਾਰੀ ਹਰਦੀਪ ਸਿੰਘ ਪੁਰੀ, ਜਿਸ ਨੂੰ ਭਾਜਪਾ ਤੇ ਆਰ. ਐੱਸ. ਐੱਸ. ਨੇ ਆਪਣੇ ਖਾਤੇ 'ਚ ਸਿੱਖ ਆਗੂ ਵਜੋਂ ਮੰਤਰੀ ਮੰਡਲ 'ਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ।  ਬੱਸ ਫਿਰ ਕਿ ਨਵੀਂ ਜੈਕਟ ਸਿਵਾਉਣ ਵਾਲੇ ਐੱਮ. ਪੀ. ਸਾਬਕਾ ਮੁੱਖ ਮੰਤਰੀ ਸ. ਬਾਦਲ ਕੋਲ ਪੇਸ਼ ਹੋਏ ਅਤੇ ਕਿਸੇ ਸਿੱਖ ਅਕਾਲੀ ਐੱਮ. ਪੀ. ਨੂੰ ਮੋਦੀ ਮੰਤਰੀ ਮੰਡਲ 'ਚ ਸ਼ਾਮਲ ਨਾ ਕਰਨ 'ਤੇ ਰੋਸ ਜਤਾਇਆ। ਉਦੋਂ ਤੱਕ ਸ. ਪੁਰੀ ਮੋਦੀ ਸਰਕਾਰ 'ਚ ਸਿੱਖ ਚਿਹਰੇ ਵਜੋਂ ਵਜ਼ੀਰ ਬਣ ਚੁੱਕੇ ਸਨ। 


Related News