ਮੋਦੀ ਨੇ ਜੋ ਕੀਤਾ ਉਹ ਸਿੱਖ ਕੌਮ, ਪੰਜਾਬ ਲਈ ਸਭ ਤੋਂ ਮਹੱਤਵਪੂਰਨ ਤੇ ਰਾਸ਼ਟਰੀ ਹਿੱਤ ’ਚ: ਕੈਪਟਨ
Sunday, Nov 21, 2021 - 09:42 PM (IST)
ਚੰਡੀਗੜ੍ਹ- ਇਸ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹੇ ਜਾਣ ਦੇ ਐਲਾਨ ਸਦਕਾ ਬਹੁਤ ਹੀ ਖ਼ਾਸ ਬਣ ਗਿਆ। ਇਸ ਗੱਲ ਦਾ ਪ੍ਰਗਟਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਖੇਤੀਬਾੜੀ ਖੇਤਰ ਦਾ ਭਲਾ ਚਾਹੁਣ ਵਾਲਾ ਹਰੇਕ ਵਿਅਕਤੀ ਇਸ ਐਲਾਨ ਦਾ ਜ਼ਰੂਰ ਸਵਾਗਤ ਕਰੇਗਾ। ਇਸ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਚਲੀਆਂ ਆ ਰਹੀਆਂ ਗੜਬੜੀ ਵਾਲੀਆਂ ਘਟਨਾਵਾਂ ਦਾ ਅੰਤ ਹੋ ਗਿਆ ਹੈ, ਜਿਨ੍ਹਾਂ ਸਦਕਾ ਸਾਨੂੰ ਸਾਰਿਆਂ ਨੂੰ ਡਾਢਾ ਦੁੱਖ ਪਹੁੰਚਿਆ ਸੀ। ਮੈਂ ਵੀ ਇਕ ਵਾਰ ਫਿਰ ਕਿਸਾਨਾਂ ਨੂੰ ਸ਼ਰਧਾਂਜਲੀ ਦੇਣੀ ਚਾਹਾਂਗਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਹੌਸਲਾ ਦਿਖਾਇਆ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਨੇ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਜਨਤਾ ਦੀ ਆਵਾਜ਼ ਨੂੰ ਸੁਣਦੇ ਹਨ। ਆਪਣੇ ਸੰਬੋਧਨ ’ਚ ਉਨ੍ਹਾਂ ਕਿਸਾਨਾਂ ਲਈ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਨੂੰ ਉਜਾਗਰ ਕੀਤਾ। ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਉਨ੍ਹਾਂ ਕੋਈ ਸ਼ਰਤ ਨਹੀਂ ਰੱਖੀ ਤੇ ਨਾ ਹੀ ਇਹ ਆਖਿਆ ਕਿ ਉਹ ਪੜਾਅਵਾਰ ਢੰਗ ਨਾਲ ਇਨ੍ਹਾਂ ਨੂੰ ਵਾਪਸ ਲੈ ਰਹੇ ਹਨ ਤੇ ਇੰਝ ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਫ਼ੈਸਲਾ ਲਿਆ। ਪ੍ਰਧਾਨ ਮੰਤਰੀ ਨੇ ਇਸ ਬਾਰੇ ਖ਼ੁਦ ਐਲਾਨ ਕੀਤਾ ਜਦਕਿ ਅਜਿਹਾ ਕਰਨਾ ਸੁਖਾਲਾ ਹੁੰਦਾ ਜੇ ਇਹ ਐਲਾਨ ਕੋਈ ਹੋਰ ਕਰਦਾ ਜਾਂ ਸੰਸਦ ਦੇ ਸਦਨ ’ਚ ਇਸ ਬਾਰੇ ਐਲਾਨ ਕੀਤਾ ਜਾਂਦਾ। ਫਿਰ ਵੀ ਬਿਨਾਂ ਕਿਸੇ ਜਿੱਤ ਜਾਂ ਹਾਰ ਦੇ ਸਿਆਸੀ ਨਤੀਜੇ ਦੀ ਪ੍ਰਵਾਹ ਕੀਤਿਆਂ ਅਜਿਹਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਨੂੰ ‘ਹੇਠਾਂ ਚਲੇ ਜਾਣ’ ਜਾਂ ‘ਕਮਜ਼ੋਰੀ’ ਵਜੋਂ ਦੇਖਣਾ ਠੀਕ ਨਹੀਂ ਹੈ। ਲੋਕਤੰਤਰ ’ਚ ਲੋਕਾਂ ਦੀ ਇੱਛਾ ਨੂੰ ਸੁਣਨ ਤੋਂ ਵੱਡਾ ਹੋਰ ਕੁਝ ਨਹੀਂ ਹੈ ਤੇ ਜਿਹੜਾ ਵੀ ਲੀਡਰ ਅਜਿਹਾ ਕਰਦਾ ਹੈ, ਉਸ ਤੋਂ ਵੱਡਾ ਲੋਕਤੰਤਰਿਕ ਹੋਰ ਕੋਈ ਨਹੀਂ।
ਇਹ ਵੀ ਪੜ੍ਹੋ- ਭਾਰਤ-ਪਾਕਿ ਬਾਰਡਰ ’ਤੇ BSF ਦੀ ਵੱਡੀ ਕਾਰਵਾਈ, 30 ਕਰੋੜ ਰੁਪਏ ਮੁੱਲ ਦੀ ਹੈਰੋਇਨ ਕੀਤੀ ਬਰਾਮਦ
ਸਾਲਾਂਬੱਧੀ ਆਪਣੀ ਮਾਤਭੂਮੀ ਦੀ ਸੇਵਾ ਕਰਨ ਵਾਲੇ ਇਕ ਫ਼ੌਜੀ ਵਜੋਂ ਮੈਂ ਇਸ ਕਦਮ ਦਾ ਸਵਾਗਤ ਕਰਦਾ ਹਾਂ। ਨਿੱਤ ਦਿਨ ਬੁਨਿਆਦੀ ਪੱਧਰ ਉੱਤੇ ਕੁੜੱਤਣ ਵਧਦੀ ਜਾ ਰਹੀ ਸੀ। ਲੋਕ ਇਕ–ਦੂਜੇ ਨੂੰ ਛੇੜਾਂ ਪਾ ਰਹੇ ਸਨ, ਕਈ ਤਰ੍ਹਾਂ ਦੇ ਉਦੇਸ਼ ਪੈਦਾ ਕੀਤੇ ਜਾ ਰਹੇ ਸਨ, ਜਾਂ ਸਾਡੇ ਰਾਸ਼ਟਰ ਪ੍ਰਤੀ ਲੋਕਾਂ ਦੀ ਵਫ਼ਾਦਾਰੀ ਉੱਤੇ ਸੁਆਲ ਉੱਠਣ ਲੱਗੇ ਸਨ। ਰਾਸ਼ਟਰੀ ਪ੍ਰਗਤੀ ਲਈ ਅਜਿਹਾ ਕੁਝ ਵੀ ਠੀਕ ਨਹੀਂ। ਵਿਦੇਸ਼ਾਂ ’ਚ ਅਜਿਹੇ ਕੁਝ ਅਨਸਰਾਂ ਨੇ ਰੈਲੀਆਂ ਕਰਨ ਦਾ ਮੁੱਦਾ ਬਣਾ ਲਿਆ ਸੀ, ਜੋ ਭਾਰਤ ਦੀ ਏਕਤਾ ਨੂੰ ਬਰਬਾਦ ਕਰਨਾ ਲੋਚਦੇ ਹਨ। ਪਾਕਿਸਤਾਨ ਵਰਗੇ ਦੇਸ਼ ਨਾ ਤਾਂ ਕਦੇ ਸਾਨੂੰ ਪਹਿਲਾਂ ਮੈਦਾਨ–ਏ–ਜੰਗ ’ਚ ਹਰਾ ਸਕੇ ਹਨ ਤੇ ਨਾ ਹੀ ਹਰਾ ਸਕਣਗੇ, ਉਨ੍ਹਾਂ ਨੇ ਵੀ ਸਾਡੇ ਮਾਣ ਤੇ ਦੇਸ਼–ਭਗਤ ਕਿਸਾਨਾਂ ਨੂੰ ਵਰਤਦਿਆਂ ‘ਅਸਿੱਧੀ ਜੰਗ’ ਲਈ ਆਪਣੀਆਂ ਰਣਨੀਤੀਆਂ ਉਲੀਕਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਇਕ ਐਲਾਨ ਨਾਲ ਉਹ ਸਾਰੀਆਂ ਸਾਜ਼ਿਸ਼ਾਂ ਤੇ ਅੱਧ–ਪਚੱਧੇ ਸੁਪਨੇ ਢਹਿ–ਢੇਰੀ ਹੋ ਕੇ ਰਹਿ ਗਏ।
ਉਂਝ ਵੀ ਇਹ ਵੇਲਾ ਸਿਆਸਤ ਖੇਡਣ ਦਾ ਨਹੀਂ ਹੈ ਕਿਉਂਕਿ ਉਨ੍ਹਾਂ ’ਚੋਂ ਕਿਸੇ ਨੂੰ ਵੀ ਕਿਸਾਨੀ ਮੁੱਦਿਆਂ ਦੀ ਕੋਈ ਪ੍ਰਵਾਹ ਨਹੀਂ ਹੈ। ਸਾਡੀ ਆਬਾਦੀ ਦਾ ਬਹੁਤਾ ਹਿੱਸਾ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਉੱਤੇ ਨਿਰਭਰ ਕਰਦਾ ਹੈ। ਸਾਡੇ ਕਿਸਾਨ ਹੀ ਸਾਡੇ ਦੇਸ਼ ਦੇ ਅੰਨਦਾਤਾ ਹਨ। ਇਸੇ ਲਈ ਮੈਂ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਸਿਆਸਤ ਲਈ ਸਿੱਖ ਪੰਥ ਦੀ ਵਰਤੋਂ ਨਾ ਕੀਤੀ ਜਾਵੇ। 1980ਵਿਆਂ ਦੀਆਂ ਘਟਨਾਵਾਂ ਨਾਲ ਸਬੰਧਤ ਯਾਦਾਂ ਅਤੇ ਜ਼ਖ਼ਮ ਹਾਲੇ ਹਰੇਕ ਲਈ ਅੱਲੇ ਹਨ। ਜੇ ਕੋਈ ਇਨ੍ਹਾਂ ਮੁੱਦਿਆਂ ’ਤੇ ਸਿਆਸੀ ਚਾਲਾਂ ਚਲਦਾ ਹੈ, ਤਾਂ ਲੋਕ ਉਨ੍ਹਾਂ ਨੂੰ ਸਬਕ ਸਿਖਾ ਦੇਣਗੇ।
ਇਕ ਸੱਚੇ ਸਿੱਖ ਵਾਂਗ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਪ੍ਰਧਾਨ ਮੰਤਰੀ ਦੇ ਐਲਾਨਾਂ ਨੇ ਮੈਨੂੰ ਟੁੰਬਿਆ। ਹਰੇਕ ਸਿੱਖ ਨੂੰ ਇਹ ਦੇਖ ਕੇ ਚੰਗਾ ਲੱਗਿਆ ਕਿ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਇੰਨੇ ਸ਼ੁੱਭ ਦਿਹਾੜੇ ’ਤੇ ਕੀਤੇ ਗਏ। ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ‘ਖਿਮਾ ਭਾਵ’ ਦਾ ਜ਼ਿਕਰ ਕੀਤਾ। ਇਹ ਸਪੱਸ਼ਟ ਹੈ ਕਿ ਉਹ ਸਿੱਖ ਭਾਈਚਾਰੇ ਨਾਲ ਸਬੰਧ ਮਜ਼ਬੂਤ ਕਰਨਾ ਲੋਚਦੇ ਹਨ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਲਈ ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਦਿਆਲਤਾ ਦਿਖਾਈ। ਪਿਛਲੇ ਵਰ੍ਹੇ ਉਹ ਦਿੱਲੀ ਦੇ ਗੁਰੂਘਰਾਂ ’ਚ ਮੱਥਾ ਵੀ ਟੇਕ ਕੇ ਆਏ ਸਨ। ਕੀ ਸਿੱਖਾਂ ਨੂੰ ਉਦੋਂ ਚੰਗਾ ਨਹੀਂ ਸੀ ਲੱਗਿਆ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਫ਼ਗ਼ਾਨਿਸਤਾਨ ਤੋਂ ਪਰਤੇ ਸਨ ਤੇ ਸਾਡੇ ਦੇਸ਼ ’ਚ ਉਨ੍ਹਾਂ ਨੂੰ ਖ਼ਾਸ ਮਾਣ–ਸਤਿਕਾਰ ਦਿੱਤਾ ਗਿਆ ਸੀ।
ਭਾਰਤ ਦੇ ਸਿੱਖ ਪੱਕੇ ਦੇਸ਼–ਭਗਤ ਹਨ। ਉਨ੍ਹਾਂ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਮੁਗਲਾਂ ਅਤੇ ਅੰਗਰੇਜ਼ਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਭਾਰਤ ’ਚ, ਸਿੱਖ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ, ਮੁੱਖ ਮੰਤਰੀ, ਫੌਜ ਦੇ ਮੁਖੀ, ਚੋਟੀ ਦੇ ਕਾਰੋਬਾਰੀ, ਅਦਾਕਾਰ, ਕਲਾਕਾਰ ਬਣੇ ਹਨ ਅਤੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਸਿੱਖ ਨੌਜਵਾਨਾਂ ਨੂੰ ਸਨੇਹ ਅਤੇ ਮੇਲ-ਮਿਲਾਪ ਦਾ ਸੰਦੇਸ਼ ਦਿੱਤਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ, ਪੰਜਾਬ ਵਧੇਰੇ ਸੰਵੇਦਨਸ਼ੀਲ ਵਿਵਹਾਰ ਦਾ ਹੱਕਦਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅਜਿਹਾ ਕੀਤਾ ਵੀ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਦੀ PM ਮੋਦੀ ਨੂੰ ਖੁੱਲ੍ਹੀ ਚਿੱਠੀ, ਰੱਖੀਆਂ ਇਹ ਮੰਗਾਂ
ਇਸ ਦੇ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਅਸੀਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ’ਚ ਜੇਹਾਦੀ ਮਾਨਸਿਕਤਾ ਕਾਰਨ ਸਿੱਖਾਂ (ਅਤੇ ਹੋਰ ਘੱਟ ਗਿਣਤੀਆਂ) ਦੀ ਤਰਸਯੋਗ ਹਾਲਤ ਵੱਲ ਵੀ ਧਿਆਨ ਦੇਈਏ।
ਇਸ ਫ਼ੈਸਲੇ ਦੇ ਸਿਆਸੀ ਪੈਂਤੜੇ ਬਾਰੇ ਖਾਸ ਤੌਰ ’ਤੇ ਮੇਰੀ ਪਿਛਲੀ ਪਾਰਟੀ ਦੁਆਰਾ ਬਹੁਤ ਬਕਵਾਸ ਕੀਤੀ ਜਾ ਰਹੀ ਹੈ। ਮੈਂ ਅਜਿਹੇ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦਾ ਹਾਂ। ਸੀ. ਏ. ਏ. ਦਾ ਵਿਰੋਧ ਪ੍ਰਦਰਸ਼ਨ 2019 ਦੇ ਅਖੀਰ ’ਚ ਸ਼ੁਰੂ ਹੋਇਆ ਸੀ। ਬਾਅਦ ’ਚ ਦਿੱਲੀ ਚੋਣਾਂ ’ਚ, ਕਾਂਗਰਸ ਨੂੰ ਦੂਜੀ ਵਾਰ ਗੋਲਡਨ ਜ਼ੀਰੋ ਮਿਲਿਆ ਸੀ। ਉਨ੍ਹਾਂ ਨੇ ਕੋਵਿਡ ਲਾਕਡਾਊਨ ਦੌਰਾਨ ਪ੍ਰਵਾਸੀਆਂ ਦੀ ਵਾਪਸੀ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਹਾਰ, ਵੱਡੀ ਗਿਣਤੀ ’ਚ ਪ੍ਰਵਾਸੀਆਂ ਵਾਲੇ ਰਾਜ ’ਚ ਕਾਂਗਰਸ ਦਾ ਚੋਣ ਪ੍ਰਦਰਸ਼ਨ ਇੰਨਾ ਮਾੜਾ ਸੀ ਕਿ ਅਾਰ. ਜੇ. ਡੀ. ’ਚ ਉਨ੍ਹਾਂ ਦੇ ਦੋਸਤ ਸੱਤਾ ’ਚ ਨਹੀਂ ਆ ਸਕੇ (ਯੂ. ਪੀ. 2017 ਦਾ ਰਿਡਕਸ)। ਕੋਵਿਡ ਅਤੇ ਖੇਤੀ ਕਾਨੂੰਨਾਂ ਦੇ ਸਿਖਰ ’ਤੇ ਇਸ ਸਾਲ ਮਈ ਮਹੀਨੇ ਵਿਧਾਨ ਸਭਾ ਚੋਣਾਂ ਦੌਰਾਨ ਕੇਰਲ ’ਚ ਕਾਂਗਰਸ ਨਹੀਂ ਜਿੱਤ ਸਕੀ, ਭਾਵੇਂ ਕਿ ਸੂਬੇ ’ਚ ਖੱਬੇਪੱਖੀ ਅਤੇ ਕਾਂਗਰਸ ਦੀਆਂ ਸਰਕਾਰਾਂ ਹੀ ਬਦਲ–ਬਦਲ ਕੇ ਕਾਇਮ ਹੋਣ ਦਾ ਇਤਿਹਾਸ ਰਿਹਾ ਹੈ। ਪੁਡੂਚੇਰੀ ਵਿਚ ਉਨ੍ਹਾਂ ਨੇ ਆਪਣੀ ਸਰਕਾਰ ਗੁਆ ਦਿੱਤੀ ਜਦੋਂ ਕਿ ਬੰਗਾਲ ਅਤੇ ਅਸਾਮ ’ਚ ਉਨ੍ਹਾਂ ਦਾ ਇਕ ਤਰ੍ਹਾਂ ਹੂੰਝਾ ਹੀ ਫਿਰ ਗਿਆ। ਇਸ ਦੀ ਬਜਾਏ, ਬੇਸ਼ੱਕ ਇਨ੍ਹਾਂ ਮੁੱਦਿਆਂ ’ਤੇ ਸੁਧਾਰ ਕਰਨ ਦੀ ਬਜਾਏ, ਉਸ ਨੇ ਪੰਜਾਬ ਨੂੰ ਅਸਥਿਰ ਕਰ ਦਿੱਤਾ, ਇਕਲੌਤਾ ਸੂਬਾ ਜਿੱਥੇ ਉਹ 2017 ਤੋਂ ਬਾਅਦ ਹਰ ਚੋਣ ਜਿੱਤਦਾ ਆਇਆ ਹੈ। ਇਸ ਦੇ ਉਲਟ, ਭਾਜਪਾ ਨੇ ਦਿੱਲੀ ਵਿਚ ਆਪਣੀ ਤਾਕਤ ਬਣਾਈ ਰੱਖੀ, ਬਿਹਾਰ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ, ਬਿਹਾਰ ਅਤੇ ਪੁਡੂਚੇਰੀ ਵਿਚ ਸਰਕਾਰਾਂ ਬਣਾਈਆਂ ਅਤੇ ਬੰਗਾਲ ’ਚ ਖੇਤੀ ਕਾਨੂੰਨਾਂ ਦੇ ਸਮੇਂ ਦੌਰਾਨ ਮਹੱਤਵਪੂਰਨ ਤੌਰ ’ਤੇ ਸੁਧਾਰ ਕੀਤਾ ਗਿਆ। ਇਸ ਲਈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਹਰ ਫ਼ੈਸਲੇ ਨਾਲ ਸਿਅਾਸਤ ਦੇ ਮਕਸਦ ਜੋੜਨੇ ਬੰਦ ਕਰੀਏ।
ਜੋ ਮੈਨੂੰ ਜਾਣਦੇ ਹਨ, ਉਹ ਇਕ ਗੱਲ ਦੀ ਪੁਸ਼ਟੀ ਕਰ ਸਕਦੇ ਹਨ-ਮੈਂ ਸਿੱਧੇ ਬੱਲੇ ਨਾਲ ਖੇਡਦਾ ਹਾਂ। ਇਹ ਮੈਂ ਫੌਜ ’ਚ ਸਿੱਖਿਆ ਹੈ ਅਤੇ ਮੈਂ ਆਪਣੇ ਆਖਰੀ ਸਾਹ ਤੱਕ ਇਸ ਦਾ ਪਾਲਣ ਕਰਾਂਗਾ।
ਸੰਨ 1984 ’ਚ, ਤਬਾਹਕੁੰਨ ਸਾਕਾ ਬਲਿਊ ਸਟਾਰ ਤੋਂ ਬਾਅਦ ਕਾਂਗਰਸ ਛੱਡਣ ਵਾਲਾ ਮੈਂ ਪਹਿਲਾ ਵਿਅਕਤੀ ਸੀ। ਮੈਂ ਖੇਤੀ ਬਿੱਲਾਂ ਦੇ ਮੁੱਦੇ ਦੇ ਸ਼ਾਂਤਮਈ ਹੱਲ ਦੀ ਮੰਗ ਕਰਨ ਵਾਲੇ ਸਭ ਤੋਂ ਪਹਿਲੇ ਲੋਕਾਂ ਵਿਚੋਂ ਸੀ, ਇੱਥੋਂ ਤੱਕ ਕਿ ਕਾਨੂੰਨਾਂ ਨੂੰ ਵਾਪਸ ਲੈਣ ਦਾ ਕੰਮ ਵੀ ਕੀਤਾ। ਸੂਬਾ ਵਿਧਾਨ ਸਭਾ ’ਚ ਅਤੇ, ਜਦੋਂ ਇਹ ਕੀਤਾ ਗਿਆ ਹੈ, ਮੈਂ ਇਸ ਦੀ ਸ਼ਲਾਘਾ ਕਰਨ ਲਈ ਆਪਣੇ ਦੇਸ਼ ਅਤੇ ਆਪਣੀ ਜ਼ਮੀਰ ਦਾ ਰਿਣੀ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਜੋ ਕੀਤਾ ਹੈ ਉਹ ਸਿੱਖ ਕੌਮ ਦੇ ਹਿੱਤ ਵਿਚ ਹੈ; ਇਹ ਪੰਜਾਬ ਦੇ ਹਿੱਤ ’ਚ ਹੈ ਅਤੇ ਸਾਡੇ ਰਾਸ਼ਟਰੀ ਹਿੱਤ ਵਿਚ ਮਹੱਤਵਪੂਰਨ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ