ਮਾਮਲਾ ਛੱਪੜ ਦੀ ਸਫਾਈ ਕਰਦੇ ਮਜ਼ਦੂਰ ਦੀ ਮੌਤ ਦਾ, ਮਨਰੇਗਾ ਵਰਕਰ ਯੂਨੀਅਨ ਨੇ ਪ੍ਰਗਟਾਇਆ ਰੋਸ

Tuesday, Aug 15, 2017 - 02:28 PM (IST)

ਮਾਮਲਾ ਛੱਪੜ ਦੀ ਸਫਾਈ ਕਰਦੇ ਮਜ਼ਦੂਰ ਦੀ ਮੌਤ ਦਾ, ਮਨਰੇਗਾ ਵਰਕਰ ਯੂਨੀਅਨ ਨੇ ਪ੍ਰਗਟਾਇਆ ਰੋਸ

ਸੁਲਤਾਨਪੁਰ ਲੋਧੀ(ਸੋਢੀ)— ਮਨਰੇਗਾ ਸਕੀਮ ਅਧੀਨ ਪਿੰਡ ਮੁੱਲਾਂਕਾਲਾ ਦੇ ਛੱਪੜ ਕੰਢੇ ਕੰਮ ਕਰਦੇ ਮਜ਼ਦੂਰ ਜਰਨੈਲ ਸਿੰਘ ਦੀ ਛੱਪੜ 'ਚ ਡੁੱਬਣ ਨਾਲ ਹੋਈ ਮੌਤ ਦੇ ਸੰਬੰਧ 'ਚ ਮਨਰੇਗਾ ਵਰਕਰ ਯੂਨੀਅਨ ਜ਼ਿਲਾ ਕਪੂਰਥਲਾ ਵੱਲੋਂ ਸੋਮਵਾਰ ਨੂੰ ਐੱਸ. ਡੀ. ਐੱਮ. ਦਫਤਰ ਸੁਲਤਾਨਪੁਰ ਲੋਧੀ ਵਿਖੇ ਰੋਸ ਪ੍ਰਗਟਾਇਆ ਗਿਆ ਅਤੇ ਜ਼ਿਲਾ ਪ੍ਰਧਾਨ ਸਤਪਾਲ ਗਿੱਲ ਦੀ ਅਗਵਾਈ 'ਚ ਵਰਕਰਾਂ ਨੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੂੰ ਮੰਗ-ਪੱਤਰ ਸੌਂਪਿਆ। 
ਇਸ ਸਮੇਂ ਮਨਰੇਗਾ ਮਜ਼ਦੂਰ ਯੂਨੀਅਨ ਨੇ ਮੰਗ ਕੀਤੀ ਕਿ ਮ੍ਰਿਤਕ ਜਰਨੈਲ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਮੁੱਲਾਂਕਾਲਾ ਦੇ 20-22 ਫੁੱਟ ਡੂੰਘੇ ਛੱਪੜ ਦੇ ਕਿਨਾਰੇ ਸੜਕ ਹੈ, ਜਿੱਥੋਂ ਸਕੂਲਾਂ ਦੇ ਬੱਚੇ ਵੀ ਲੰਘ ਕੇ ਸਕੂਲ ਜਾਂਦੇ ਹਨ ਅਤੇ ਛੱਪੜ ਦੀ ਕੋਈ ਚਾਰਦੀਵਾਰੀ ਨਹੀਂ ਹੈ ਤੇ ਛੱਪੜ ਕੰਢੇ ਤਿੱਖਾ ਮੋੜ ਵੀ ਹੈ, ਜਿੱਥੇ ਕਦੇ ਵੀ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਸੁਰੱਖਿਅਤ ਛੱਪੜ ਦੁਆਲੇ ਸਫਾਈ ਕਰਵਾਉਣਾ ਪ੍ਰਸ਼ਾਸਨ ਦੀ ਵੀ ਵੱਡੀ ਲਾਪਰਵਾਹੀ ਦਾ ਮਾਮਲਾ ਹੈ, ਜਿਸ ਕਾਰਨ ਇਸ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਅਤੇ ਛੱਪੜ ਦੁਆਲੇ ਚਾਰਦੀਵਾਰੀ ਕੀਤੀ ਜਾਵੇ। ਇਸ ਸਮੇਂ ਜੀਵਨ ਕੁਮਾਰ ਗਿੱਲ, ਮਨਜਿੰਦਰ ਸਿੰਘ ਬਾਜਾ, ਹਰਪ੍ਰੀਤ ਸਿੰਘ, ਸੁਰਜੀਤ ਕੌਰ, ਮਹਿੰਦਰ ਕੌਰ ਪਤਨੀ ਲੇਟ ਜਰਨੈਲ ਸਿੰਘ, ਕ੍ਰਿਸ਼ਨ ਸਿੰਘ ਬਾਜਾ, ਸੁਰਿੰਦਰ ਸਿੰਘ, ਸਰਬਜੀਤ ਕੌਰ, ਹਰਜੀਤ ਸਿੰਘ ਤੇ ਦਰਸ਼ੋ, ਰਣਜੀਤ, ਮੰਗਾ ਆਦਿ ਨੇ ਵੀ ਸ਼ਿਰਕਤ ਕੀਤੀ।


Related News