ਉਜਰਤਾਂ ਨਾ ਮਿਲਣ ''ਤੇ ਮਨਰੇਗਾ ਮਜ਼ਦੂਰਾਂ ਕੀਤਾ ਰੋਸ ਮੁਜ਼ਾਹਰਾ
Sunday, Jun 18, 2017 - 08:20 PM (IST)
ਹੁਸ਼ਿਆਰਪੁਰ, (ਘੁੰਮਣ)- ਪਿੰਡ ਖਾਨਪੁਰ 'ਚ ਮਨਰੇਗਾ ਮਜ਼ਦੂਰਾਂ ਨੂੰ ਸਾਲ 2016 ਦੌਰਾਨ ਕੀਤੇ ਗਏ ਕੰਮਾਂ ਦੀਆਂ ਉਜਰਤਾਂ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ ਨਹੀਂ ਦਿੱਤੀਆਂ ਗਈਆਂ। ਉਜਰਤਾਂ ਨਾ ਮਿਲਣ ਵਾਲੇ ਲੋਕਾਂ ਨੇ ਅੱਜ ਪਿੰਡ 'ਚ ਭਾਰਤ ਜਗਾਓ ਮੁਹਿੰਮ ਤੇ ਮਨਰੇਗਾ ਮਜ਼ਦੂਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕਰ ਕੇ ਕੇਂਦਰ ਦੀ ਐੱਨ. ਡੀ. ਏ. ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸ਼ੀਤਲ ਕੁਮਾਰ, ਜਸਵੀਰ ਸਿੰਘ, ਚਰਨੋ, ਸਤਪਾਲ ਕੁਮਾਰ, ਹਰਦਿਆਲ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ 14 ਲੋਕਾਂ ਦੇ ਕੰਮ ਦੇ ਮਾਸਟਰ ਰੋਲ ਨੰ. 87, 236, 458 'ਚ ਦਰਜ ਕੀਤੇ ਗਏ ਸੀ। ਇਨ੍ਹਾਂ ਲੋਕਾਂ ਨੂੰ ਅੱਜ ਤੱਕ ਉਜਰਤਾਂ ਨਹੀਂ ਦਿੱਤੀਆਂ ਗਈਆਂ। ਲੋਕਾਂ ਨੇ ਦੱਸਿਆ ਕਿ ਮਨਰੇਗਾ ਐਕਟ 2005 ਦੇ ਅਨੁਸਾਰ ਮਨਰੇਗਾ ਮਜ਼ਦੂਰਾਂ ਦੇ ਕੀਤੇ ਗਏ ਕੰਮ ਦੀਆਂ ਉਜਰਤਾਂ ਦੀ ਅਦਾਇਗੀ ਕੰਮ ਕਰਨ ਦੇ ਬਾਅਦ 15 ਦਿਨ ਦੇ ਅੰਦਰ ਦੇਣੀ ਹੁੰਦੀ ਹੈ, ਜੇਕਰ 15 ਦਿਨਾਂ 'ਚ ਉਜਰਤ ਅਦਾ ਨਾ ਕੀਤੀ ਜਾਵੇ ਤਾਂ ਮੁਆਵਜ਼ਾ ਵੀ ਦੇਣਾ ਪੈਂਦਾ ਹੈ। ਇਸ ਮੌਕੇ ਪਿੰਡ ਦੇ ਮਨਰੇਗਾ ਮਜ਼ਦੂਰਾਂ ਨੇ ਅੰਦੋਲਨ ਚਲਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ।
ਹੁਸ਼ਿਆਰਪੁਰ ਮਨਰੇਗਾ ਲੋਕਪਾਲ ਦਾ ਦਫ਼ਤਰ ਬੰਦ : ਇਸ ਮੌਕੇ ਧੀਮਾਨ ਨੇ ਦੱਸਿਆ ਕਿ ਹੁਸ਼ਿਆਰਪੁਰ 'ਚ ਮਨਰੇਗਾ ਦੇ ਜ਼ਿਲਾ ਲੋਕਪਾਲ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਪਾਲ ਦਫ਼ਤਰ ਬੰਦ ਹੋਣ ਨਾਲ ਮਨਰੇਗਾ ਵਰਕਰਾਂ ਦਾ ਕੰਮ ਪਾਰਦਰਸ਼ਤਾ ਨਾਲ ਨਹੀਂ ਹੋ ਰਿਹਾ।
