ਵਿਧਾਇਕ ਅੰਗੁਰਾਲ ਤੇ ਅਰੋੜਾ ਦੇ ਬਿਆਨ ’ਤੇ ਭਖ਼ੀ ਸਿਆਸਤ, ਕੀ ਭਾਜਪਾ ਦੇ ਦੋ ਵੱਡੇ ਆਗੂਆਂ ਖ਼ਿਲਾਫ਼ ਹੋਵੇਗੀ ਕਾਰਵਾਈ

Tuesday, Oct 04, 2022 - 02:13 AM (IST)

ਚੰਡੀਗੜ੍ਹ (ਬਿਊਰੋ) : ‘ਆਪਰੇਸ਼ਨ ਲੋਟਸ’ ਨਾਲ ਜੁੜੇ ਮਾਮਲੇ ’ਚ ਜਲੰਧਰ ਪੱਛਮੀ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਮੋਹਾਲੀ ਵਿਜੀਲੈਂਸ ਦਫ਼ਤਰ ਦੇ ਬਾਹਰ ਨਿਕਲਣ ਤੋਂ ਬਾਅਦ ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਦੋ ਵਕੀਲਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਭਾਜਪਾ ’ਚ ਸ਼ਾਮਲ ਹੋਣ ਦੇ ਬਦਲੇ 25-25 ਕਰੋੜ ਦਾ ਆਫ਼ਰ ਦਿੱਤਾ ਸੀ। ਸ਼ੀਤਲ ਅੰਗੁਰਾਲ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਆਪਰੇਸ਼ਨ ਲੋਟਸ ਦਾ ਮੁੱਦਾ ਚੁੱਕਿਆ ਗਿਆ। ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਹਰਿਆਣਾ ਹਾਈਕੋਰਟ ਦੇ ਦੋ ਵਕੀਲਾਂ ਦਾ ਫੋਨ ਆਇਆ ਸੀ। ਦੋਵਾਂ ਵਕੀਲਾਂ ਨੇ ਕਿਹਾ ਕਿ ਉਹ ਭਾਜਪਾ ਦੇ ਸੰਪਰਕ ’ਚ ਹਨ ਅਤੇ ਵੱਡੇ ਬਾਬੂਜੀ ਅਮਿਤ ਸ਼ਾਹ ਗੱਲ ਕਰਨਾ ਚਾਹੁੰਦੇ ਹਨ। ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਨੇ ਉਨ੍ਹਾਂ ਵਕੀਲਾਂ ਦੇ ਨਾਂ ਨਹੀਂ ਦੱਸੇ, ਜਿਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਿਜੀਲੈਂਸ ਅਫ਼ਸਰਾਂ ਨੂੰ ਉਹ ਨੰਬਰ ਦਿੱਤੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਫੋਨ ਆਇਆ ਸੀ। ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਹਿਮਾਚਲ ਤੋਂ ਭਾਜਪਾ ਸੰਸਦ ਅਨੁਰਾਗ ਠਾਕੁਰ ਦਾ ਨਾਂ ਵੀ ਲਿਆ।

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ’ਚ ਭਗਵੰਤ ਮਾਨ ਸਰਕਾਰ ਦੇ ਹੱਕ ’ਚ ਸਰਬਸੰਮਤੀ ਨਾਲ ਪਾਸ ਹੋਇਆ ਭਰੋਸਗੀ ਮਤਾ

ਇਨ੍ਹਾਂ ਦੋਵਾਂ ‘ਆਪ’ ਵਿਧਾਇਕਾਂ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ‘ਆਪ’ ਸਰਕਾਰ ਭਾਜਪਾ ਦੇ ਇਨ੍ਹਾਂ ਦੋ ਦਿੱਗਜ ਆਗੂਆਂ ਖ਼ਿਲਾਫ਼ ਕੋਈ ਵੱਡੀ ਕਾਰਵਾਈ ਕਰੇਗੀ ਕਿਉਂਕਿ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਦਰਜ ਐੱਫ. ਆਰ. ਆਈ. ’ਚ ਕਿਸੇ ਵੀ ਭਾਜਪਾ ਆਗੂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਕੀ ਹੁਣ ‘ਆਪ’ ਦੇ ਜਲੰਧਰ ਨਾਲ ਸਬੰਧਿਤ ਦੋ ਵਿਧਾਇਕਾਂ ਵੱਲੋਂ ਦਿੱਤੇ ਬਿਆਨਾਂ ਨੂੰ ਲੈ ਕੇ ਭਾਜਪਾ ਦੇ ਇਨ੍ਹਾਂ ਦੋ ਵੱਡੇ ਆਗੂਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ । ਕੀ ਇਸ ਮਾਮਲੇ ’ਚ ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਤਾਂ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਲੇ ਬਜਟ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਜਾਵੇਗੀ। ਜਿਸ ਤਰ੍ਹਾਂ ਅੱਜ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ’ਚ ਭਾਜਪਾ ’ਤੇ ਇਲਜ਼ਾਮ ਲਾਏ ਹਨ ਤਾਂ ‘ਆਪ’ ਸਰਕਾਰ ਕੋਲ ਕੇਸ ਦਰਜ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਦਾ ਕੀ ਰੁਖ਼ ਅਖ਼ਤਿਆਰ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ :  CM ਮਾਨ ਦਾ ਅਕਾਲੀ ਦਲ ਤੇ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਗੈਂਗਸਟਰਵਾਦ ਲਈ ਦੋਵੇਂ ਨੇ ਜ਼ਿੰਮੇਵਾਰ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ’ਤੇ ਵੱਡੇ ਦੋਸ਼ ਲਾਏ ਸਨ ਕਿ ਉਹ ਬਾਕੀ ਸੂਬਿਆਂ ਵਾਂਗ ਹੀ ਪੰਜਾਬ ’ਚ ਵੀ ਆਪ੍ਰੇਸ਼ਨ ਲੋਟਸ ਚਲਾਉਣਾ ਚਾਹੁੰਦੀ ਹੈ ਤੇ ‘ਆਪ’ ਦੇ ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੇ ਆਫਰ ਦੇ ਰਹੀ ਹੈ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ਼ ਗਈ ਸੀ। ਇਸ ਤੋਂ ਬਾਅਦ ਹੀ ‘ਆਪ’ ਸਰਕਾਰ ਨੇ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਭਰੋਸਗੀ ਮਤਾ ਪੇਸ਼ ਕਰਨ ਲਈ ਕਿਹਾ ਸੀ। 


Manoj

Content Editor

Related News