ਤੁਰੰਤ ਨਹੀਂ ਜਾਵੇਗੀ ਖਹਿਰਾ ਦੀ ਵਿਧਾਇਕੀ, ਇਹ ਹੋਵੇਗੀ ਪ੍ਰਕਿਰਿਆ

01/07/2019 8:01:11 AM

ਚੰਡੀਗਡ਼੍ਹ, (ਰਮਨਜੀਤ)- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਸਵਾਲ ਇਹ ਉਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਖਹਿਰਾ ਦਾ ਵਿਧਾਇਕ ਅਹੁਦਾ ਬਰਕਰਾਰ ਰਹੇਗਾ ਜਾਂ ਨਹੀਂ? ਇਹ ਵੀ ਚਰਚਾ ਹੈ ਕਿ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਆਪਣੇ-ਆਪ ਹੀ ਖਤਮ ਹੋ ਜਾਵੇਗੀ  ਪਰ ਅਜਿਹਾ ਨਹੀਂ ਹੈ।

 ਨਿਯਮਾਂ ਮੁਤਾਬਕ ਕੋਈ ਵੀ ਵਿਧਾਇਕ ਜੇਕਰ ਆਪਣੀ ਪਾਰਟੀ ਤੋਂ ਅਸਤੀਫੇ ਦੇ ਦਿੰਦਾ ਹੈ ਤਾਂ ਉਸ ਦੀ ਵਿਧਾਨ ਸਭਾ ਵਿਚ ਮੈਂਬਰੀ ਨਹੀਂ ਰਹਿ ਸਕਦੀ ਪਰ ਇਹ ਆਟੋਮੈਟਿਕ ਨਹੀਂ ਹੁੰਦੀ, ਸਗੋਂ ਇਸ ਲਈ ਇਕ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਨੀ ਹੁੰਦੀ ਹੈ। ਸਭ ਤੋਂ ਅਹਿਮ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਧਿਕਾਰਕ ਰੂਪ ਤੋਂ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਸੂਚਿਤ ਕਰਨਾ ਹੋਵੇਗਾ ਕਿ ਖਹਿਰਾ ਵਲੋਂ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਪੀਕਰ ਵਲੋਂ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਿਸ ’ਚ ਖਹਿਰਾ ਵਲੋਂ ਪੱਖ ਜਾਣਨ ਦਾ ਬਦਲ ਵੀ ਮੌਜੂਦ ਹੈ ਤੇ ਸਪੀਕਰ  ਦੇ ਅਧਿਕਾਰ ਖੇਤਰ ਵਿਚ ਇਹ ਵੀ ਹੈ ਕਿ ਉਹ ਖਹਿਰਾ ਦੀ ਮੈਂਬਰੀ ਖਤਮ ਕਰਨ ਦੇ ਫੈਸਲੇ ਨੂੰ ਕੁੱਝ ਸਮੇਂ ਲਈ ਲਟਕਾਈ ਰੱਖੇ।  

ਇਸ ਤਰ੍ਹਾਂ ਖਹਿਰਾ ਦੀ ਵਿਧਾਨਸਭਾ ਮੈਂਬਰੀ ਰੱਦ ਕਰਨ ਜਾਂ ਨਾ ਕਰਨ ਦਾ ਫੈਸਲਾ ਸਪੀਕਰ ਦੇ ਹੱਥ ’ਚ ਹੈ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਾਲ ਹੀ ਵਿਚ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਵਕੀਲ ਐੱਚ. ਐੱਸ. ਫੂਲਕਾ ਵਲੋਂ ਵਿਧਾਇਕ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਵੀ ਸਪੀਕਰ ਕੋਲ ਕਾਰਵਾਈ ਲਈ ਪੈਂਡਿੰਗ ਪਿਆ ਹੈ।  
ਜੇਕਰ ਖਹਿਰਾ ਤੇ ਫੂਲਕਾ ਦੋਵਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਹਨ ਤਾਂ ਵਿਧਾਨ ਸਭਾ ਵਿਚ ‘ਆਪ’ ਪਾਰਟੀ ਦੇ ਮੈਂਬਰਾਂ ਦੀ ਗਿਣਤੀ 18 ਰਹਿ ਜਾਵੇਗੀ ਤੇ ਅਕਾਲੀ-ਭਾਜਪਾ ਪੱਖ ਦੀ ਗਿਣਤੀ 17 ਹੈ। ਭਾਵ ‘ਆਪ’ ਕੋਲ ਇਨ੍ਹਾਂ ਦੋਵਾਂ ਦੇ ਜਾਣ ਤੋਂ ਬਾਅਦ ਵੀ ਵਿਰੋਧੀ ਧਿਰ ਦੀ ਕੁਰਸੀ ਮੌਜੂਦ ਰਹੇਗੀ।


Related News