ਵਿਧਾਇਕ ਸੁਖਪਾਲ ਖਹਿਰਾ ਨੇ ਪੁਲਸ ਖ਼ਿਲਾਫ਼ ਲਗਾਇਆ ਧਰਨਾ, ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਦਾ ਲਾਇਆ ਦੋਸ਼
Friday, Feb 10, 2023 - 12:09 AM (IST)
ਭੁਲੱਥ (ਰਜਿੰਦਰ, ਭੂਪੇਸ਼)- ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਰਕਰਾਂ ਨਾਲ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਭੁਲੱਥ ਦੇ ਸਰਕਾਰੀ ਰੈਸਟ ਹਾਊਸ ਵਿਖੇ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਲਗਾਇਆ। ਜਿਸ ਵਿਚ ਖਹਿਰਾ ਦੇ ਵੱਡੀ ਗਿਣਤੀ ਸਮਰਥਕਾਂ ਨੇ ਸ਼ਿਰਕਤ ਕੀਤੀ। ਧਰਨੇ ਦੌਰਾਨ ਬੋਲਦਿਆਂ ਵਿਧਾਇਕ ਸੁਖਪਾਲ ਖਹਿਰਾ ਨੇ ਆਖਿਆ ਕਿ ਕਾਂਗਰਸੀ ਵਰਕਰਾਂ ਨਾਲ ਹੋ ਰਹੇ ਧੱਕੇ ਖ਼ਿਲਾਫ਼ ਉਨ੍ਹਾਂ ਵੱਲੋਂ ਪਰਸੋਂ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਸਾਡੇ ਵਰਕਰਾਂ ਦੀ ਗੱਲ ਸੁਣਨੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਮਸਲੇ ਹੱਲ ਕਰ ਦਿਆਂਗੇ। ਪੁਲਸ ਦੇ ਭਰੋਸੇ ਤੋਂ ਬਾਅਦ ਹੀ ਅਸੀਂ ਅੱਜ ਇੱਥੇ ਸ਼ਾਂਤਮਈ ਧਰਨਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪਿਛਲੇ ਸਾਲ ਸਵਾ 2 ਲੱਖ ਤੋਂ ਵੱਧ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੇ ਅੰਕੜੇ
ਉਨ੍ਹਾਂ ਕਿਹਾ ਕਿ ਸੁਭਾਨਪੁਰ -ਨਡਾਲਾ-ਭੁਲੱਥ ਸੜਕ ਜੋ ਟੁੱਟੀ ਹੈ, ਉਸ ਦਾ ਮੁੱਦਾ ਉਹ ਹਰੇਕ ਵਿਧਾਨ ਸਭਾ ਸੈਸ਼ਨ ਵਿਚ ਉਠਾਉਂਦੇ ਹਨ, ਪਰ ਇਸ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ। ਇਸ ਤੋਂ ਇਲਾਵਾ ਕਾਂਗਰਸ ਵੇਲੇ ਬਣਾਈਆਂ 65 ਕਿਲੋਮੀਟਰ ਸੜਕਾਂ ਹਾਲੇ ਪੈਂਡਿੰਗ ਪਈਆਂ ਹਨ। ਸਕੂਲ ਵੀ ਅਪਗ੍ਰੇਡ ਕੀਤੇ ਜਾਣ, ਜੋ ਮਨਜ਼ੂਰ ਵੀ ਕੀਤੇ ਹੋਏ ਹਨ। ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਕੁਲਦੀਪ ਸਿੰਘ ਪੰਡੋਰੀ, ਰਛਪਾਲ ਸਿੰਘ ਬੱਚਾਜੀਵੀ ਆਦਿ ਵੀ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਮੁੜ ਆਈ ਮੰਦਭਾਗੀ ਖ਼ਬਰ, 2 ਮਹੀਨੇ ਪਹਿਲਾਂ ਗਏ ਨੌਜਵਾਨ ਦੀ ਹੋਈ ਮੌਤ
ਐੱਸ.ਪੀ. (ਡੀ) ਹਰਵਿੰਦਰ ਸਿੰਘ ਨੇ ਦਿੱਤਾ ਇਨਸਾਫ਼ ਦਾ ਭਰੋਸਾ
ਧਰਨੇ ਮੌਕੇ ਪਹੁੰਚੇ ਜ਼ਿਲ੍ਹਾ ਕਪੂਰਥਲਾ ਦੇ ਐੱਸ.ਪੀ. (ਡੀ) ਹਰਵਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ ਮਸਲੇ ਸਨ, ਉਨ੍ਹਾਂ ਸਬੰਧੀ ਆਈ.ਜੀ. ਅਤੇ ਐੱਸ.ਐੱਸ.ਪੀ. ਸਾਹਿਬ ਨਾਲ ਗੱਲਬਾਤ ਹੋਈ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਵੀ ਗੱਲਬਾਤ ਹੋਈ ਹੈ। ਇਨ੍ਹਾਂ ਮਸਲਿਆਂ ਵਿਚ ਇਨਸਾਫ ਜ਼ਰੂਰ ਮਿਲੇਗਾ। ਇਸ ਤੋਂ ਇਲਾਵਾ ਉਹ ਇਹ ਵੀ ਕਹਿਣਾ ਚਾਹੁੰਦੇ ਹਨ ਕਿ ਜੇਕਰ ਭਵਿੱਖ ਵਿਚ ਜਾਂ ਇਨ੍ਹਾਂ ਤੋਂ ਇਲਾਵਾ ਹੋਰ ਵੀ ਕੋਈ ਮਸਲਾ ਹੋਵੇ, ਜਿਸ ਵਿਚ ਕਿਸੇ ਨੂੰ ਇਨਸਾਫ ਨਾ ਮਿਲਿਆ ਹੋਵੇ ਤਾਂ ਉਹ ਸਾਡੇ ਧਿਆਨ ਵਿਚ ਲਿਆਂਦਾ ਜਾਵੇ। ਹਰੇਕ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨਿਆ ਦੇਣਾ ਸਾਡੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਸਾਫ ਸੁਥਰਾ ਪ੍ਰਸ਼ਾਸਨ ਦੇਣਾ ਪੁਲਸ ਦਾ ਕੰਮ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।