MLA ਸਰਬਜੀਤ ਕੌਰ ਮਾਣੂੰਕੇ ਦਾ ਖਹਿਰਾ ਨੂੰ ਸਿੱਧਾ ਚੈਲੰਜ, ਅਦਾਲਤ ਜਾਣ ਦੀ ਆਖੀ ਗੱਲ
Thursday, Jun 15, 2023 - 07:41 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ 'ਤੇ ਐੱਨ. ਆਰ. ਆਈ. ਔਰਤ ਵੱਲੋਂ ਕੋਠੀ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਅੱਜ ਵਿਧਾਇਕਾ ਨੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਆਪਣਾ ਬਿਆਨ ਦਿੱਤਾ ਹੈ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਿਸ ਮਾਲਕ ਕੋਲੋਂ ਉਨ੍ਹਾਂ ਨੇ ਕੋਠੀ ਕਿਰਾਏ 'ਤੇ ਲਈ ਸੀ, ਉਸ ਨੂੰ ਚਾਬੀਆਂ ਵਾਪਸ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਰਟੀ ਵਿਵਾਦਿਤ ਸੀ ਅਤੇ ਜਦੋਂ ਐੱਨ. ਆਰ. ਆਈ. ਔਰਤ ਨੇ ਇਸ 'ਤੇ ਆਪਣਾ ਹੱਕ ਜਤਾਇਆ ਤਾਂ ਉਨ੍ਹਾਂ ਨੇ ਤੁਰੰਤ ਚਾਬੀਆਂ ਮਕਾਨ ਮਾਲਕ ਨੂੰ ਸੌਂਪ ਦਿੱਤੀਆਂ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਸੁਖਬੀਰ ਨੂੰ ਮੋੜਵਾਂ ਜਵਾਬ, 'ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਨਹੀਂ ਲੁੱਟਦਾ'
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੂੰ ਚੈਲੰਜ ਕਰਦਿਆਂ ਬੀਬੀ ਮਾਣੂੰਕੇ ਨੇ ਕਿਹਾ ਕਿ ਮੈਂ ਤਾਂ ਕਿਰਾਏ ਦੀ ਕੋਠੀ ਖ਼ਾਲੀ ਕਰ ਦਿੱਤੀ ਪਰ ਤੁਸੀਂ ਰਾਮਗੜ੍ਹ ਵਾਲੇ ਘਰ ਦੇ ਰਾਹ 'ਚ ਆਉਣ ਵਾਲੀ ਸੜਕ ਦੱਬੀ ਹੋਈ ਹੈ, ਉਸ ਨੂੰ ਜਨਤਕ ਕਰੋ ਅਤੇ ਲੋਕਾਂ ਨੂੰ ਦੱਸੋ ਕਿ ਉਹ ਸੜਕ ਕਿੱਥੇ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਪਾਣੀ ਹੋਵੇ, ਉੱਥੇ 17 ਕਿੱਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖੀ ਜਾ ਸਕਦੀ ਪਰ ਖਹਿਰਾ ਸਾਹਿਬ ਕੋਲ ਤਾਂ 51 ਕਿੱਲੇ ਜ਼ਮੀਨ ਹੈ ਅਤੇ ਇਹ ਕਿੱਥੋਂ ਆਈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਖੜਕਾਵੇਗੀ ਸੁਪਰੀਮ ਕੋਰਟ ਦਾ ਦਰਵਾਜ਼ਾ
ਮਾਣੂੰਕੇ ਨੇ ਕਿਹਾ ਕਿ ਉਹ ਹਿੱਕ ਠੋਕ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਜਿਹੜੀ ਕੋਠੀ ਕਿਰਾਏ 'ਤੇ ਲਈ ਸੀ, ਉਸ ਦੀਆਂ ਚਾਬੀਆਂ ਮਕਾਨ ਮਾਲਕ ਨੂੰ ਸੌਂਪ ਦਿੱਤੀਆਂ ਹਨ ਅਤੇ ਖਹਿਰਾ ਸਾਹਿਬ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਮਾਣੂੰਕੇ ਨੇ ਕਿਹਾ ਕਿ ਹੁਣ ਉਹ ਇਹ ਸਭ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਗੱਲ ਵੱਸੋਂ ਬਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਜੇਕਰ ਕਿਸੇ ਨੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ