ਪਿਤਾ ਪੁਰਖੀ ਕਿੱਤੇ ਕਿਰਸਾਨੀ ਨੂੰ ਸਮਰਪਿਤ 'ਆਪ' ਵਿਧਾਇਕ ਸੰਦੋਆ, ਮੱਝਾਂ-ਗਾਵਾਂ ਦੀ ਵੀ ਕਰਦੈ ਸੰਭਾਲ
Tuesday, Nov 24, 2020 - 11:29 AM (IST)
ਨੂਰਪੁਰਬੇਦੀ (ਅਵਿਨਾਸ਼ ਸ਼ਰਮਾ) - ਕਿਸਾਨੀ ਕਿੱਤੇ ਨਾਲ ਜੁੜੇ ਪੰਜਾਬ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜਕੱਲ੍ਹ ਆਪਣੀ ਵਿਧਾਇਕੀ ਦੇ ਨਾਲ-ਨਾਲ ਆਪਣੇ ਖੇਤਾਂ ਨੂੰ ਵੀ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ। ਭਾਵੇਂ ਸੂਬੇ ਦੇ ਬਹੁਤੇ ਪੇਂਡੂ ਖ਼ੇਤਰਾਂ ਨਾਲ ਸਬੰਧਤ ਵਿਧਾਇਕ ਐੱਮ.ਐੱਲ.ਏ. ਬਣਨ ਉਪਰੰਤ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਤਿਲਾਂਜਲੀ ਦੇ ਦਿੰਦੇ ਹਨ ਅਤੇ ਆਪਣੀ ਖੇਤੀ ਹੋਰਨਾਂ ਦੇ ਆਸਰੇ ਛੱਡ ਦਿੰਦੇ ਹਨ ਪਰ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪਣੀ ਖੇਤੀ ਨੂੰ ਖੁਦ ਸੰਭਾਲ ਰਹੇ ਹਨ।
ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਨੂਰਪੁਰਬੇਦੀ ਬਲਾਕ ਦੇ ਛੋਟੇ ਜਿਹੇ ਪਿੰਡ ਸੰਦੋਆ ਨਾਲ ਸਬੰਧਤ ਵਿਧਾਇਕ ਅਮਰਜੀਤ ਸਿੰਘ ਅੱਜ ਕੱਲ੍ਹ ਆਪਣੀ ਕਣਕ ਦੀ ਫ਼ਸਲ ਨੂੰ ਖਾਦ ਪਾਉਣ ਦੇ ਕੰਮ ਵਿੱਚ ਜੁਟੇ ਹੋਏ ਹਨ। ਆਪਣੀ ਪਤਨੀ ਬੀਬੀ ਬਲਵਿੰਦਰ ਕੌਰ ਅਤੇ ਬੇਟੇ ਗੁਰਜੋਤ ਸਿੰਘ ਨਾਲ ਵਿਧਾਇਕ ਸੰਦੋਆ ਆਪਣੀ ਫ਼ਸਲਾਂ ਵੱਲ ਪੂਰਾ ਧਿਆਨ ਦੇ ਰਹੇ ਹਨ। ਅੱਜ ਜਦੋਂ ਪੱਤਰਕਾਰ ਪਿੰਡ ਸੰਦੋਆ ਲਾਗਿਓਂ ਲੰਘਿਆ ਤਾਂ ਵਿਧਾਇਕ ਸੰਦੋਆ ਆਪਣੀ ਪਤਨੀ ਅਤੇ ਸਪੁੱਤਰ ਸਮੇਤ ਖੇਤਾਂ ਵਿਚ ਖਾਦ ਲਗਾ ਰਿਹਾ ਸੀ। ਖੇਤਾਂ ਵਿੱਚ ਕੰਮ ਕਰਦੇ ਵਿਧਾਇਕ ਸੰਦੋਆ ਅਤੇ ਉਨ੍ਹਾਂ ਦੇ ਸਪੁੱਤਰ ਗੁਰਜੋਤ ਸਿੰਘ ਨੂੰ ਚਾਹ ਲੈ ਕੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਖੇਤਾਂ ਵਿਚ ਆਈ ਹੋਈ ਸੀ।
ਵਿਧਾਇਕ ਵੱਲੋਂ ਆਪਣੇ ਖੇਤਾਂ ਨੂੰ ਖਾਦ ਲਗਾਨ ਦੀ ਇਹ ਝਲਕ ਪਿੰਡ ਵਾਸੀਆਂ ਲਈ ਭਾਵੇਂ ਅਜੀਬ ਨਾ ਹੋਵੇ ਪਰ ਆਸ ਪਾਸ ਦੇ ਪਿੰਡਾਂ ਤੇ ਹੋਰਨਾਂ ਲੋਕਾਂ ਲਈ ਇਹ ਇਕ ਅਜੀਬ ਕਿਸਮ ਦਾ ਦ੍ਰਿਸ਼ ਸੀ । ਇਸ ਮੌਕੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੰਦੋਆ ਨੇ ਦੱਸਿਆ ਕਿ ਉਹ ਕਿਸਾਨ ਦਾ ਪੁੱਤ ਹੈ ਅਤੇ ਖੇਤੀ ਉਸਦਾ ਮੁੱਖ ਧੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲ ਦੱਸ ਏਕੜ ਦੇ ਕਰੀਬ ਜ਼ਮੀਨ ਹੈ, ਜਿਸ ’ਤੇ ਉਹ ਖ਼ੁਦ ਆਪ ਅਤੇ ਪਰਿਵਾਰ ਸਮੇਤ ਖੇਤੀ ਕਰਦੇ ਹਨ। ਸੰਦੋਆ ਪਰਿਵਾਰ ਵੱਲੋਂ ਪਸ਼ੂ ਪਾਲਣ ਦਾ ਧੰਦਾ ਵੀ ਕੀਤਾ ਜਾ ਰਿਹਾ ਹੈ। ਘਰ ਵਿੱਚ ਆਣ ਜਾਣ ਵਾਲੇ ਹਰੇਕ ਵਿਅਕਤੀ ’ਤੇ ਚਾਹ ਪਾਣੀ ਲਈ ਉਨ੍ਹਾਂ ਵੱਲੋਂ ਮੱਝਾਂ ਅਤੇ ਗਾਵਾਂ ਵੀ ਰੱਖੀਆਂ ਹੋਈਆਂ ਹਨ। ਵਿਧਾਇਕ ਸੰਦੋਆ ਨੇ ਕਿਹਾ ਕਿ ਰਾਜਨੀਤੀ ਬੜੀ ਟੇਢੀ ਖੀਰ ਹੈ, ਜਿਸ ਵਿੱਚ ਸਾਧਾਰਨ ਅਤੇ ਇਮਾਨਦਾਰ ਲੋਕਾਂ ਲਈ ਕੰਮ ਕਰਨਾ ਸੌਖਾ ਨਹੀਂ ਹੁੰਦਾ ।
ਵਿਧਾਇਕ ਸੰਦੋਆ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੰਜਾਬ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਹੈ, ਜਿਸ ਕਰਕੇ ਉਹ ਕਿਸਾਨ ਦਾ ਪੁੱਤ ਹੁੰਦੇ ਹੋਏ 26 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋਵੇਗਾ। ਵਿਧਾਇਕ ਵੱਲੋਂ ਇਲਾਕੇ ਅਤੇ ਹਲਕੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀਹ ਕਿਸਾਨਾਂ ਦੇ ਦਿੱਲੀ ਧਰਨੇ ਵਿਚ ਵਧ ਚੜ੍ਹ ਕੇ ਭਾਗ ਲੈਣ ।