ਮਨਪ੍ਰੀਤ ਬਾਦਲ ’ਤੇ ਵਰ੍ਹੇ MLA ਰਮਨ ਅਰੋੜਾ, ਕਿਹਾ-ਸਰਕਾਰ ਬਦਲਦੇ ਹੀ ਪਾਰਟੀ ਬਦਲ ਲੈਂਦੇ ਹਨ ਭ੍ਰਿਸ਼ਟਾਚਾਰੀ

Wednesday, Sep 27, 2023 - 03:11 PM (IST)

ਮਨਪ੍ਰੀਤ ਬਾਦਲ ’ਤੇ ਵਰ੍ਹੇ MLA ਰਮਨ ਅਰੋੜਾ, ਕਿਹਾ-ਸਰਕਾਰ ਬਦਲਦੇ ਹੀ ਪਾਰਟੀ ਬਦਲ ਲੈਂਦੇ ਹਨ ਭ੍ਰਿਸ਼ਟਾਚਾਰੀ

ਜਲੰਧਰ (ਵਿਸ਼ੇਸ਼, ਅਰੁਣ)- ਬਠਿੰਡਾ ਦੀ ਫ਼ੌਜਦਾਰੀ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਅੱਜ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਬਾਦਲ ’ਤੇ ਚੁਟਕੀ ਲੈਣ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਵੇਖਣਾ ਚਾਹੀਦਾ ਹੈ ਇਕ ਨੇਤਾ ਜੋ ਕਦੇ ਅਕਾਲੀ ਦਲ ’ਚ ਹੁੰਦਾ ਹੈ ਅਤੇ ਕਦੇ ਆਪਣੀ ਪਾਰਟੀ ਬਣਾਉਂਦਾ ਹੈ ਅਤੇ ਫਿਰ ਕਾਂਗਰਸ ’ਚ ਸ਼ਾਮਲ ਹੋ ਜਾਂਦਾ ਹੈ ਅਤੇ ਹੁਣ ਭਾਜਪਾ ’ਚ ਸ਼ਾਮਲ ਹੋ ਗਿਆ ਹੈ, ਤੁਸੀਂ ਮੈਨੂੰ ਦੱਸੋ ਕਿ ਕੋਈ ਇੰਨੀਆਂ ਪਾਰਟੀਆਂ ਕਿਉਂ ਬਦਲਦਾ ਹੈ? ਕਿਉਂਕਿ ਜਿਸ ਵਿਅਕਤੀ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਹ ਪਾਰਟੀ ’ਚ ਚਲਾ ਜਾਂਦਾ ਹੈ, ਜਿਸ ਦੀ ਸਰਕਾਰ ਆ ਜਾਂਦੀ ਹੈ, ਤਾਂ ਜੋ ਸਾਰੇ ਮਾਮਲੇ 'ਤੇ ਪਰਦਾ ਪਾ ਦਿੱਤਾ ਜਾਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੱਸ਼ਟ ਸੰਦੇਸ਼ ਹੈ ਕਿ ਜਿਸ ਨੇ ਇਕ ਪੈਸਾ ਵੀ ਖਾਧਾ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਚਾਹੇ ਉਹ ਕਿਸੇ ਵੀ ਪਰਿਵਾਰ ਦਾ ਹੋਵੇ ਜਾਂ ਕਿਸੇ ਵੱਡੇ ਪਰਿਵਾਰ ਦਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਮਾਨ ਦੀ ਇਹ ਵੱਡੀ ਪ੍ਰਾਪਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਵੱਡੇ ਮੰਤਰੀ ਨੂੰ ਛੋਟੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ
ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਹੁਸ਼ਿਆਰਪੁਰ ਆਏ ਸਨ ਅਤੇ ਉਨ੍ਹਾਂ ਕਿਹਾ ਕਿ ਇਹ ਲੋਕਲ ਮਸਲਾ ਹੈ ਅਤੇ ਇਸ ਨੂੰ ਲੋਕਲ ਹੀ ਰਹਿਣ ਦਿਓ? ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਇਸ ’ਤੇ ਰਮਨ ਅਰੋੜਾ ਨੇ ਕਿਹਾ ਕਿ ਹਰਦੀਪ ਪੁਰੀ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਨੂੰ ਇਕ ਪਾਸੇ ਕਰ ਦਿੱਤਾ ਹੈ। ਸਾਡੀ ਸਰਕਾਰ ਨੇ ਸੂਬੇ ’ਚ ਭ੍ਰਿਸ਼ਟਾਚਾਰ ਦਾ ਇਕ ਵੱਡਾ ਮੁੱਦਾ ਫੜਿਆ ਹੈ, ਕੀ ਇਹ ਇਕ ਲੋਕਲ ਮੁੱਦਾ ਬਣ ਗਿਆ ਹੈ, ਜਿਸ ਦੀ ਦੁਨੀਆ ਭਰ ’ਚ ਚਰਚਾ ਹੋ ਰਹੀ ਹੈ। ਇਸ ਨਾਲ ਉਨ੍ਹਾਂ ਦੀ ਦੁਰਦਸ਼ਾ ਅਤੇ ਦੂਰ-ਦ੍ਰਿਸ਼ਟੀ ਦਿਖਾਈ ਦਿੰਦੀ ਹੈ। ਮੇਰੇ ਖ਼ਿਆਲ ’ਚ ਇੰਨੇ ਵੱਡੇ ਮੰਤਰੀ ਲਈ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਕਰਨਾ ਠੀਕ ਨਹੀਂ।

ਇਹ ਵੀ ਪੜ੍ਹੋ- ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ

‘ਆਪ’ ਦੇ ਕੰਮਾਂ ਤੋਂ ਲੋਕ ਖੁਸ਼ ਹਨ, ਜਿਸ ਦਾ ਸਬੂਤ ਸੁਸ਼ੀਲ ਰਿੰਕੂ ਦੀ ਜਿੱਤ ਹੈ
ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਸੂਬੇ ’ਚ ਹੋਏ ਵਿਕਾਸ ਕਾਰਜਾਂ ਤੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਰਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਬਦਲਾਅ ਦੇ ਵਿਜ਼ਨ ਨੂੰ ਲੈ ਕੇ ਸੱਤਾ ’ਚ ਆਈ ਹੈ। ਇਸ ’ਚ ਲੋਕਾਂ ਨੇ ਮੁੱਖ ਤੌਰ ’ਤੇ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕੀਤੇ ਕੰਮਾਂ ’ਤੇ ਮੋਹਰ ਲਾਈ ਹੈ, ਜਿਸ ਦਾ ਸਬੂਤ ਜਲੰਧਰ ਲੋਕ ਸਭਾ ਸੀਟ ਲਈ ਹਾਲ ਹੀ ’ਚ ਹੋਈ ਜ਼ਿਮਨੀ ਚੋਣ ’ਚ ਸੁਸ਼ੀਲ ਕੁਮਾਰ ਰਿੰਕੂ ਜਿੱਤ ਤੋਂ ਬਾਅਦ ਲੋਕ ਸਭਾ ’ਚ ਪੁੱਜੇ ਹਨ।

ਭਗਵੰਤ ਮਾਨ ਦਾ ‘ਰੰਗਲਾ ਪੰਜਾਬ’ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ
ਜਲੰਧਰ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ’ਤੇ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਮਾਨ ਦਾ ਸੁਪਨਾ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਹੈ ਤੇ ਉਹ ਇਸ ’ਤੇ ਲਗਾਤਾਰ ਕੰਮ ਕਰ ਰਹੇ ਹਨ ਤੇ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅੱਜ ਪੰਜਾਬ ’ਚ 600 ਤੋਂ ਵੱਧ ਆਮ ਆਦਮੀ ਕਲੀਨਿਕ ਸਥਾਪਤ ਹੋ ਚੁੱਕੇ ਹਨ, ਜਿੱਥੇ ਟੈਸਟਾਂ ਤੋਂ ਲੈ ਕੇ ਮੁਫ਼ਤ ਦਵਾਈਆਂ ਤੱਕ ਹਰ ਰੋਜ਼ ਹਜ਼ਾਰਾਂ ਲੋਕਾਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਕਲੀਨਿਕਾਂ ’ਚ ਜਿਹੜੇ ਟੈਸਟ ਪ੍ਰਾਈਵੇਟ ਲੈਬਾਰੇਟਰੀਆਂ ’ਚ ਹਜ਼ਾਰਾਂ ਰੁਪਏ ਫ਼ੀਸ ਲੈ ਕੇ ਕੀਤੇ ਜਾਂਦੇ ਹਨ, ਉਹ ਆਮ ਲੋਕਾਂ ਦੇ ਕਲੀਨਿਕਾਂ ’ਚ ਮੁਫ਼ਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਅੱਜ ਪੰਜਾਬ ਦੇ ਲੋਕ ਸਿਹਤ ਪੱਖ ਤੋਂ ਸੰਤੁਸ਼ਟ ਹਨ।

ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ

ਬਾਜਵਾ ਨੂੰ ਕਰਾਰਾ ਜਵਾਬ-‘ਆਪ’ ਦੇ ਸਾਰੇ ਵਿਧਾਇਕ ਭਗਵੰਤ ਮਾਨ ਨਾਲ
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਹਨ ਕਿ ‘ਆਪ’ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ ਤੇ ਕਾਂਗਰਸ ਪਾਰਟੀ ਕਿਸੇ ਵੀ ਸਮੇਂ ਪੰਜਾਬ ’ਚ ਆਪਣੀ ਸਰਕਾਰ ਬਣਾ ਸਕਦੀ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਕੋਈ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ ਪਰ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਉਨ੍ਹਾਂ ਦੇ ਕਿੰਨੇ ਵਿਧਾਇਕ ਤੇ ਆਗੂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਹੁਣ ਉਸ ਦੀ ਪਾਰਟੀ ’ਚ ਕਿੰਨੇ ਆਗੂ ਰਹਿ ਗਏ ਹਨ, ਜਿਹੜੇ ਹਨ ਉਹ ਵੀ ਆਪਸ ’ਚ ਲੜ ਰਹੇ ਹਨ। ਰਾਜਾ ਵੜਿੰਗ ਅਲੱਗ ਲੜ ਰਿਹਾ ਹੈ, ਖਹਿਰਾ ਜੀ ਅਲੱਗ ਲੜ ਰਹੇ ਹਨ ਤੇ ਬਾਜਵਾ ਅਲੱਗ ਲੜ ਰਹੇ ਹਨ ਤੇ ਨਵਜੋਤ ਸਿੰਘ ਸਿੱਧੂ ਦੀ ਆਪਣੀ ਸੁਰ ਹੈ। ਇਹ ਖਿਚੜੀ ਬਣ ਗਈ ਹੈ। ਹਰ ਕਿਸੇ ਦਾ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ ਹੈ। ਮੇਰਾ ਦਾਅਵਾ ਹੈ ਕਿ ‘ਆਪ’ ਦੇ 92 ’ਚੋਂ 92 ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜ੍ਹੇ ਹਨ।

ਲੋਕ ਸਾਡੇ ਨਾਲ, ਅਸੀਂ ਚੋਣਾਂ ਲਈ ਤਿਆਰ ਹਾਂ
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਕੀ ਹਨ? ਇਸ ’ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਅਨੁਸਾਰ ਕੰਮ ਕਰ ਰਹੀ ਹੈ। ਬਿਹਤਰ ਸਿੱਖਿਆ ਲਈ ਸਕੂਲ ਆਫ਼ ਐਮੀਨੈਂਸ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ’ਚ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਕੇ ਨਾ ਸਿਰਫ਼ ਪੜ੍ਹਾਇਆ ਜਾ ਰਿਹਾ ਹੈ ਸਗੋਂ ਭਵਿੱਖ ਦੀਆਂ ਚੁਣੌਤੀਆਂ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ।

‘ਇੰਡੀਆ’ ਗਠਜੋੜ ਪਾਰਟੀ ਦਾ ਫੈਸਲਾ, ਜੋ ਕਹਿਣਗੇ ਕੇਜਰੀਵਾਲ ਤੇ ਮਾਨ ਸਾਹਿਬ
ਇਕ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਕਰ ​​ਰਹੀ ਹੈ ਤੇ ਦੂਜੇ ਪਾਸੇ ਪੰਜਾਬ ’ਚ ਦੋਵੇਂ ਪਾਰਟੀਆਂ ਇਕ-ਦੂਜੇ ਦਾ ਵਿਰੋਧ ਕਰ ਰਹੀਆਂ ਹਨ। ਤੁਸੀਂ ਇਸ ’ਤੇ ਕੀ ਕਹੋਗੇ? ਇਸ ’ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਪੱਧਰ ’ਤੇ ਫੈਸਲਾ ਹੈ, ਅਸੀਂ ਇਸ ’ਤੇ ਕੀ ਕਹਾਂਗੇ? ਪਾਰਟੀ ਹਾਈਕਮਾਂਡ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਇੰਡੀਆ’ ਨਾਲ ਗਠਜੋੜ ਸਬੰਧੀ ਜੋ ਵੀ ਫੈਸਲਾ ਲੈਣਗੇ ਅਸੀਂ ਉਨ੍ਹਾਂ ਦੇ ਨਾਲ ਹਾਂ। ਸਾਨੂੰ ਇਸ ਮੁੱਦੇ ’ਤੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ- ਸੋਢਲ ਮੇਲੇ ’ਚ 24 ਘੰਟੇ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News