ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਬਣਨ ਵਾਲੇ ਪਾਰਕ ਦੀ ਜਗ੍ਹਾ ਦਾ ਨਿਰੀਖਣ
Sunday, Dec 03, 2017 - 05:48 PM (IST)
ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ) - ਫ਼ਿਰੋਜ਼ਪੁਰ ਸ਼ਹਿਰ ਅੰਦਰ ਆਧੁਨਿਕ ਪਾਰਕ ਅਤੇ ਜਰਮਨ ਤਕਨੀਕ ਦੇ ਜਿਮ ਦੇ ਨਿਰਮਾਣ ਲਈ ਅੱਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਅਧੀਨ ਆਉਂਦੇ ਇਲਾਕੇ ਪੁਰਾਣੇ ਟੀ. ਵੀ. ਹਸਪਤਾਲ ਦੇ ਪਿਛਲੇ ਪਾਸੇ ਜਗ੍ਹਾ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਰਜੀਤ ਸਿੰਘ ਸੰਧੂ ਐੱਸ. ਡੀ. ਐੱਮ. ਫ਼ਿਰੋਜ਼ਪੁਰ ਵੀ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਪਿੰਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪਾਰਕ ਨੂੰ ਹਰੀ ਝੰਡੀ ਦੇਣ ਅਤੇ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਕ ਅਮਰੂਤ ਸਕੀਮ ਤਹਿਤ ਅੱਠ ਏਕੜ ਸਰਕਾਰੀ ਥਾਂ 'ਤੇ ਬਣੇਗਾ ਅਤੇ ਇਸ 'ਤੇ ਤਕਰੀਬਨ 1 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਖ਼ਰਚ ਕੀਤੀ ਜਾਵੇਗੀ। ਪੁਰਾਣੇ ਟੀ. ਵੀ. ਹਸਪਤਾਲ ਦੇ ਪਿਛਲੇ ਪਾਸੇ ਸਰਕਾਰ ਦੀ 15 ਏਕੜ ਜ਼ਮੀਨ 'ਤੇ ਭੋਂ ਮਾਫ਼ੀਆ ਵੱਲੋਂ ਲੰਬੇ ਸਮੇਂ ਤੋਂ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੇ ਅਧੂਰੇ ਪਏ ਵਿਕਾਸ ਪ੍ਰਾਜੈਕਟਾਂ ਨੂੰ ਵੀ ਪੂਰਾ ਕਰਨ ਲਈ ਸਰਕਾਰ ਤੋ ਫੰਡਜ਼ ਰਿਲੀਜ਼ ਕਰਵਾਏ ਜਾਣਗੇ।
ਵਿਧਾਇਕ ਪਿੰਕੀ ਨੇ ਕਿਹਾ ਕਿ ਸਰਹੱਦੀ ਇਲਾਕੇ ਵਿਚ ਲੰਬੇ ਸਮੇਂ ਤੋਂ ਆ ਰਹੀ ਪਾਣੀ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨੂੰ ਅਗਲੇ ਸਾਲ ਵਿਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਆਈ. ਏ. ਐੱਸ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਰਕਾਰੀ ਥਾਂ 'ਤੇ ਪਾਰਕ ਬਣਾਉਣ ਲਈ ਯੋਜਨਾ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਭੇਜੀ ਗਈ ਹੈ, ਜਿਸ ਵੱਲੋਂ ਜਲਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਾਰਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਕਾਰਜਸਾਧਕ ਅਫ਼ਸਰ ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਬਿੱਟੂ ਸਾਂਘਾ, ਐਡਵੋਕੇਟ ਗੁਲਸ਼ਨ ਮੋਂਗਾ ਹਾਜ਼ਰ ਸਨ।
