ਫਿਰੋਜ਼ਪੁਰ ਪੰਜਾਬ ਦਾ ਨੰਬਰ ਵਨ ਸ਼ਹਿਰ ਹੋਵੇਗਾ : ਵਿਧਾਇਕ ਪਿੰਕੀ
Monday, Jan 08, 2018 - 02:31 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਫਿਰੋਜ਼ਪੁਰ ਸ਼ਹਿਰ ਵਿਚ 100 ਫੀਸਦੀ ਵਾਟਰ ਸਪਲਾਈ ਸਕੀਮ ਤਹਿਤ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਵੱਲੋਂ ਸੋਕੜ ਨਹਿਰ ਤੋਂ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 19.67 ਕਿਲੋਮੀਟਰ ਵਾਟਰ ਸਪਲਾਈ ਦੀ ਲਾਈਨ ਵਿਛਾਉਣ 'ਤੇ ਕਰੀਬ 3.27 ਕਰੋੜ ਰੁਪਏ ਖਰਚ ਆਉਣਗੇ, ਜਿਸ ਨਾਲ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨੂੰ ਸਵੱਛ ਪੀਣ ਵਾਲਾ ਪਾਣੀ ਮਿਲ ਸਕੇਗਾ ਅਤੇ ਲੋਕ ਬੀਮਾਰੀਆਂ ਤੋਂ ਬਚ ਸਕਣਗੇ। ਵਿਧਾਇਕ ਪਿੰਕੀ ਨੇ ਦੱਸਿਆ ਕਿ ਇਹ ਪ੍ਰਾਜੈਕਟ 6 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਰਿੰਕੂ ਗਰੋਵਰ, ਐਡਵੋਕੇਟ ਗੁਲਸ਼ਨ ਮੌਂਗਾ, ਸੁਖਵਿੰਦਰ ਅਟਾਰੀ, ਸੁਖਜਿੰਦਰ ਆਰਿਫ ਕੇ ਆਦਿ ਵੀ ਮੌਜੂਦ ਸਨ।
ਵਿਧਾਇਕ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣੇਗਾ ਅਤੇ ਇਥੇ ਰਹਿੰਦੇ ਲੋਕਾਂ ਨੂੰ ਸਭ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਵਿਕਾਸ ਕੰਮਾਂ ਲਈ ਜਿੰਨੇ ਵੀ ਪੈਸਿਆਂ ਦੀ ਜ਼ਰੂਰਤ ਹੋਵੇਗੀ, ਉਨੇ ਫੰਡ ਮੈਂ ਲੈ ਕੇ ਆਵਾਂਗਾ ਅਤੇ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦ ਫਿਰੋਜ਼ਪੁਰ ਵਿਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਹੋਵੇਗੀ ਅਤੇ ਲੋਕਾਂ ਨੂੰ ਇਲਾਜ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਮੇਰੀ ਜਨਮ ਭੂਮੀ ਹੈ ਅਤੇ ਇਸ ਨੂੰ ਕਰਮਭੂਮੀ ਵਿਚ ਬਦਲਣ ਦਾ ਮੈਂ ਸੰਕਲਪ ਲਿਆ ਹੈ। ਫਿਰੋਜ਼ਪੁਰ ਸ਼ਹਿਰ ਵਿਚ ਸੜਕਾਂ, ਗਲੀਆਂ ਤੇ ਪਾਰਕ ਬਣਾਏ ਜਾਣਗੇ ਅਤੇ ਜਲਦ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ।
