ਵਿਧਾਇਕ ਦੇਵਮਾਨ ਦਾ ਵੱਡਾ ਬਿਆਨ, ਕਿਹਾ ਰਾਜਾ ਵੜਿੰਗ ਸਣੇ ਕਈ ਵੱਡੀਆਂ ਹਸੀਤਾਂ ਸਰਕਾਰ ਦੇ ਨਿਸ਼ਾਨੇ ’ਤੇ

Tuesday, Jul 12, 2022 - 12:38 PM (IST)

ਵਿਧਾਇਕ ਦੇਵਮਾਨ ਦਾ ਵੱਡਾ ਬਿਆਨ, ਕਿਹਾ ਰਾਜਾ ਵੜਿੰਗ ਸਣੇ ਕਈ ਵੱਡੀਆਂ ਹਸੀਤਾਂ ਸਰਕਾਰ ਦੇ ਨਿਸ਼ਾਨੇ ’ਤੇ

ਨਾਭਾ (ਜੈਨ) : ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਸਟੇਟ ਸੈਕਟਰੀ, ਹਲਕਾ ਵਿਧਾਇਕ ਤੇ ਪਾਰਟੀ ਦੇ ਬੁਲਾਰੇ ਗੁਰਦੇਵ ਸਿੰਘ ਦੇਵਮਾਨ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿਚ 8 ਲੱਖ ਐੱਸ. ਸੀ. ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਕਰਨ ਵਾਲੇ ਸਾਧੂ ਸਿੰਘ ਧਰਮਸੌਤ ਅਤੇ 64 ਕਰੋੜ ਦੇ ਸਕਾਲਰਸ਼ਿਪ ਸਕੈਂਡਲ ਦੇ ਦੋਸ਼ੀਆਂ ਖ਼ਿਲਾਫ ਜਲਦੀ ਹੀ ਵੱਡਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ ਤਾਂ ਜੋ ਐੱਸ. ਸੀ. ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਦੇਵਮਾਨ ਨੇ ਕਿਹਾ ਕਿ ਇਸ ਸਕੈਂਡਲ ਖ਼ਿਲਾਫ ਮੈਂ ਕੈਪਟਨ ਸ਼ਾਸ਼ਨ ਦੌਰਾਨ ਇਥੇ ਧਰਮਸੌਤ ਦੀ ਕੋਠੀ ਅੱਗੇ ਲਗਾਤਾਰ 12 ਦਿਨ (24 ਘੰਟੇ ਦਿਨ-ਰਾਤ) ਧਰਨਾ ਦਿੱਤਾ ਸੀ। ਉਸ ਸਮੇਂ ਧਰਮਸੌਤ ਦੇ ਇਸ਼ਾਰੇ ’ਤੇ 27 ਅਗਸਤ ਅਤੇ 3 ਸਤੰਬਰ ਨੂੰ ਕ੍ਰਮਵਾਰ ਥਾਣਾ ਸਦਰ ਨਾਭਾ ਤੇ ਕੋਤਵਾਲੀ ਨਾਭਾ ’ਚ ਮੇਰੇ ਖ਼ਿਲਾਫ ਵੱਖ-ਵੱਖ ਧਾਰਾਵਾਂ ਅਧੀਨ ਦੋ ਝੂਠੇ ਮਾਮਲੇ ਦਰਜ ਕੀਤੇ ਗਏ ਸਨ। ਮੋਹਾਲੀ ’ਚ ਵੀ ਇਕ ਮਾਮਲਾ ਦਰਜ ਹੋਇਆ ਸੀ। ਪੁਲਸ ਨੇ ਇਥੇ ਸਾਨੂੰ ਸਲਾਖਾਂ ਪਿੱਛੇ ਧੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਸੱਚਾਈ ਦੀ ਜਿੱਤ ਹੋਈ।

ਵਿਧਾਇਕ ਦੇਵਮਾਨ ਨੇ ਕਿਹਾ ਕਿ ਇਸ ਸਕੈਂਡਲ ’ਚ ਸ਼ਾਮਿਲ ਹੋਰ ਸਾਰੇ ਸਿਆਸਤਦਾਨ ਦੇ ਅਧਿਕਾਰੀ ਜਲਦੀ ਹੀ ਜੇਲਾਂ ’ਚ ਹੋਣਗੇ। ਉਨ੍ਹਾਂ ਇੰਕਸਾਫ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਅਨੇਕ ਵੱਡੀਆਂ ਹਸਤੀਆਂ ਤੇ ਸਾਬਕਾ ਕਾਂਗਰਸੀ ਵਜ਼ੀਰ ਸਰਕਾਰ ਦੇ ਨਿਸ਼ਾਨੇ ’ਤੇ ਹਨ, ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੁੱਟਿਆ ਅਤੇ ਲੋਕਾਂ ’ਤੇ ਤਸ਼ੱਦਦ ਕਰ ਕੇ ਕਰੋੜਾਂ ਰੁਪਏ ਕਮਾਏ। ਸਾਡੀ ਸਰਕਾਰ ਇਨ੍ਹਾਂ ਪਾਸੋਂ ਲੁੱਟ ਦਾ ਇਕ-ਇਕ ਪੈਸਾ ਵਸੂਲ ਕਰਵਾਏਗੀ। ਅੱਜ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂ ਵੱਡੀਆਂ-ਵੱਡੀਆਂ ਗੱਲ ਕਰਦੇ ਹਨ। ਇਨ੍ਹਾਂ ਦੀਆਂ ਫਾਈਲਾਂ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਪਾਸ ਭੇਜੀਆਂ ਸਨ, ਜੋ ਹੁਣ ਜਨਤਕ ਹੋਣ ਵਾਲੀਆਂ ਹਨ। ਅਰਬਾਂ ਰੁਪਏ ਦੇ ਘਪਲੇ ਕਰਨ ਵਾਲੇ ਇਹ ਸਿਆਸਤਦਾਨ ਹੁਣ ਆਪਣੀ ਚਮੜੀ ਅਤੇ ਲੁੱਟ ਦਾ ਪੈਸਾ ਬਚਾਉਣ ਲਈ ਗਿਰਗਿਟ ਵਾਂਗ ਰੰਗ ਬਦਲ ਰਹੇ ਹਨ ਪਰ ਭਗਵੰਤ ਮਾਨ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਵਚਨਬੱਧ ਹਨ। ਧਾਇਕ ਨੇ ਕਿਹਾ ਕਿ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਇਥੇ ਸਕਿਓਰਿਟੀ ਜ਼ਿਲ੍ਹਾ ਜੇਲ ’ਚ 2006 ਤੋਂ 2007 ’ਚ ਨਜ਼ਰਬੰਦ ਰਿਹਾ। 

ਉਸ ਖਿਲਾਫ ਧਾਰਾ 307 ਆਈ. ਪੀ. ਸੀ. ਸਮੇਤ ਅਨੇਕ ਧਾਰਾਵਾਂ ਅਧੀਨ ਕੋਤਵਾਲੀ ਨਾਭਾ ’ਚ ਮਾਮਲਾ ਦਰਜ ਹੋਇਆ ਪਰ ਸਰਕਾਰ ਦੇ ਇਸ਼ਾਰੇ ’ਤੇ ਐਕਸ਼ਨ ਨਹੀਂ ਲਿਆ ਗਿਆ। ਜੇਕਰ ਉਸ ਸਮੇਂ ਉਸ ਖਿਲਾਫ ਵੱਡੀ ਕਾਰਵਾਈ ਪੁਲਸ ਕਰਦੀ ਤਾਂ ਅੱਜ ਲਾਰੈਂਸ ਦਾ ਵੱਡਾ ਗੈਂਗ ਪੈਦਾ ਨਾ ਹੁੰਦਾ। ਪੰਜਾਬ ’ਚ ਗੈਂਗਸਟਰ ਤੇ ਅੱਤਵਾਦ ਅਕਾਲੀ ਦਲ-ਕਾਂਗਰਸ ਅਤੇ ਭਾਜਪਾ ਦੀ ਹੀ ਦੇਣ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਹਲਕੇ ’ਚ ਵੱਖ-ਵੱਖ ਵਿਭਾਗਾਂ ਵਿਚ ਨਿਗਰਾਨੀ ਲਈ ਪਾਰਟੀ ਵਰਕਰਾਂ ਨੂੰ ਇੰਚਾਰਜ ਲਾਇਆ ਹੈ। ਜੇਕਰ ਇਨ੍ਹਾਂ ਖਿਲਾਫ ਕੋਈ ਸ਼ਿਕਾਇਤ ਮਿਲੀ ਤਾਂ ਵੀ ਕਾਰਵਾਈ ਹੋਵੇਗੀ। ਇਸ ਮੌਕੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਗਰਗ, ਯੂਥ ਵਿੰਗ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ, ਪੰਕਜ ਪੱਪੂ, ਕੌਂਸਲ ਪ੍ਰਧਾਨ ਸੁਜਾਤਾ ਚਾਵਲਾ, ਸੰਜੇ ਮੱਗੋ ਤੇ ਦੀਪਕ ਨਾਗਪਾਲ (ਸਮਾਜ-ਸੇਵਕ) ਵੀ ਹਾਜ਼ਰ ਸਨ।


author

Gurminder Singh

Content Editor

Related News