ਵਿਧਾਇਕ ਦਵਿੰਦਰ ਘੁਬਾਇਆ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ (ਵੀਡੀਓ)
Monday, Aug 26, 2019 - 11:03 AM (IST)
ਜਲਾਲਾਬਾਦ (ਸੇਤੀਆ, ਨਿਖੰਜ ) - ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਅੱਜ ਸਵੇਰੇ ਪਿੰਡ ਸੁਖੇਰਾ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਹਲਕਾ ਵਾਸੀਆਂ ਨਾਲ ਮਿਲ ਕੇ ਅਚਨਚੇਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਉਹ ਪ੍ਰਸ਼ਾਸਨ ਦੀਆਂ ਅੱਖਾਂ ਥੱਲੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਦੇਖ ਕੇ ਦੰਗ ਰਹੇ ਗਏ, ਜਿਸ ਕਾਰਨ ਉਨ੍ਹਾਂ ਨੇ ਨਾਜਾਇਜ਼ ਰੇਤ ਦੀਆਂ ਖੱਡਾ ਨੂੰ ਮੌਕੇ 'ਤੇ ਬੰਦ ਕਰਵਾ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਫੁੱਟ ਤੋਂ ਬਾਅਦ ਰੇਤ ਨਹੀਂ ਚੁੱਕ ਸਕਦੇ ਪਰ ਉਕਤ ਸਥਾਨ 'ਤੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਥੋਂ 50 ਤੋਂ 60 ਫੁੱਟ ਤੱਕ ਰੇਤਾ ਕੱਢੀ ਜਾ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਘੁਬਾਇਆ ਨੇ ਜਿਥੇ ਮਾਈਨਿੰਗ ਅਧਿਕਾਰੀਆਂ ਦੇ ਅਵੇਸਲੇ ਹੋਣ ਦੀ ਗੱਲ ਕਹੀ, ਉਥੇ ਹੀ ਉਹ ਕੈਪਟਨ ਸਰਕਾਰ ਦੇ ਖਿਲਾਫ ਬੋਲਣ ਤੋਂ ਵੀ ਨਹੀਂ ਕਤਰਾਏ। ਇਸ ਮੌਕੇ ਘੁਬਾਇਆ ਨੇ ਇਹ ਸਪਸ਼ਟ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਬਾਦਲਾਂ ਤੋਂ ਵੱਧ ਰੇਤ ਦੀ ਨਾਜਾਇਜ਼ ਮਾਇਨਿੰਗ ਹੋ ਰਹੀ ਹੈ। ਦੱਸ ਦੇਈਏ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਬੋਲਣ ਤੋਂ ਬਾਅਦ ਘੁਬਾਇਆ ਆਪਣੀ ਗੱਲ ਨੂੰ ਗੋਲ-ਮੋਲ ਕਰਦੇ ਹੋਏ ਨਜ਼ਰ ਆਏ।
ਇਸ ਤੋਂ ਬਾਅਦ ਉਨ੍ਹਾਂ ਨੇ ਫਾਜ਼ਿਲਕਾ ਦੇ ਡੀ.ਸੀ. ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਰੇਤੇ ਮਾਫੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।