ਸਮਰਾਲਾ : ਵਿਧਾਇਕ ਅਮਰੀਕ ਢਿੱਲੋਂ ਗਰੀਬਾਂ ਲਈ ਬਣੇ ਮਸੀਹਾ, ਮੋਬਾਇਲ ਨੰਬਰ ਨੂੰ ਬਣਾਇਆ ਹੈਲਪਲਾਈਨ

Saturday, Mar 28, 2020 - 03:11 PM (IST)

ਸਮਰਾਲਾ : ਵਿਧਾਇਕ ਅਮਰੀਕ ਢਿੱਲੋਂ ਗਰੀਬਾਂ ਲਈ ਬਣੇ ਮਸੀਹਾ, ਮੋਬਾਇਲ ਨੰਬਰ ਨੂੰ ਬਣਾਇਆ ਹੈਲਪਲਾਈਨ

ਸਮਰਾਲਾ (ਗਰਗ) : ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਆਪਣੇ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਉਂਦੇ ਹੋਏ ਕਿਹਾ ਕਿ ਕਰੋਨਾ ਖਿਲਾਫ਼ ਲੜਾਈ ਦੌਰਾਨ ਕਿਸੇ ਵੀ ਪਰਿਵਾਰ ਨੂੰ ਭੁੱਖੇ ਢਿੱਡ ਨਹੀਂ ਸੌਣਾ ਪਵੇਗਾ ਅਤੇ ਨਾਗਰਿਕਾਂ ਨੂੰ ਸਰਕਾਰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਵੇਗੀ। ਅਮਰੀਕ ਢਿੱਲੋਂ ਨੇ ਅੱਜ ਹਲਕੇ ਦੇ 1000 ਪਰਿਵਾਰਾਂ ਲਈ ਸਥਾਨਕ ਪ੍ਰਸਾਸ਼ਨ ਰਾਹੀ ਰਾਸ਼ਨ ਦੀਆਂ ਗੱਡੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਕਰੋਨਾ ਖਿਲਾਫ਼ ਲੜਾਈ ਬਹੁਤ ਲੰਬੀ ਹੈ ਅਤੇ ਇਸ ਲੜਾਈ ਨੂੰ ਜਿੱਤਣ ਲਈ ਲੋਕਾਂ ਦੀ ਸਮਝਦਾਰੀ ਅਤੇ ਸਾਥ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਲੋਕਾਂ ਦੀ ਮਦਦ ਲਈ ਹਲਕੇ 'ਚ ਨਿਕਲੇ ਮਜੀਠੀਆ, ਵੰਡਿਆ ਰਾਸ਼ਨ (ਵੀਡੀਓ)

PunjabKesari
ਹੈਲਪਲਾਈਨ ਵਜੋਂ ਕੀਤਾ ਜਾਰੀ ਆਪਣਾ ਮੋਬਾਇਲ ਨੰਬਰ
ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਪਣਾ ਮੋਬਾਇਲ ਨੰਬਰ 98155-35553 ਨੂੰ ਹੈਲਪਲਾਈਨ ਵਜੋਂ ਜਾਰੀ ਕਰਦੇ ਹੋਏ ਕਿਹਾ ਕਿ ਉਹ ਮੁਸੀਬਤ ਦੀ ਇਸ ਘੜੀ 'ਚ 24 ਘੰਟੇ ਲੋਕਾਂ ਦੇ ਨਾਲ ਡੱਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਨੂੰ ਰਾਸ਼ਨ, ਦਵਾਈਆਂ ਜਾ ਕਿਸੇ ਹੋਰ ਐਮਰਜੇਂਸੀ ਸਮੇਂ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਉਹ ਆਪਣੀ ਜਿੰਮੇਵਾਰੀ ਸਮਝਦੇ ਹੋਏ ਹਰ ਘਰ ਤੱਕ ਆਪਣੀ ਗੱਡੀ ਅਤੇ ਆਪਣੇ ਵਿਅਕਤੀ ਰਾਹੀ ਰਾਹਤ ਭੇਜਣਗੇ।
8 ਹਜ਼ਾਰ ਰਾਸ਼ਨ ਦੇ ਪੈਕਟ ਵੰਡਣ ਦਾ ਮਿੱਥਿਆ ਟੀਚਾ
ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਅਣਗਿਣਤ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵੀਆਂ ਅਤੇ ਉਦਯੋਗਪਤੀਆਂ ਸਮੇਤ ਢਿੱਲੋਂ ਪਰਿਵਾਰ ਵੱਲੋਂ ਮੁਸੀਬਤ ਦੀ ਇਸ ਘੜੀ 'ਚ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ 8 ਹਜ਼ਾਰ ਰਾਸ਼ਨ ਦੇ ਪੈਕੇਟ ਵੰਡਣ ਦਾ ਟੀਚਾ ਤੈਅ ਕੀਤਾ ਗਿਆ ਹੈ ਅਤੇ 2 ਹਜ਼ਾਰ ਰਾਸ਼ਨ ਦੇ ਪੈਕੈਟ, ਜਿਸ 'ਚ ਆਟਾ, ਚਾਵਲ, ਚੀਨੀ ਅਤੇ ਜ਼ਰੂਰਤ ਦਾ ਹੋਰ ਸਾਮਾਨ ਹੈ, ਕੱਲ ਤੱਕ ਪੂਰੇ ਹਲਕੇ 'ਚ ਵੰਡ ਦਿੱਤਾ ਜਾਵੇਗਾ। ਢਿੱਲੋਂ ਨੇ ਕਿਹਾ ਕਿ ਉਹ ਸੰਕਟ ਦੇ ਇਸ ਸਮੇਂ 'ਚ ਆਪਣੇ ਹਲਕੇ ਦੇ ਲੋਕਾਂ ਨਾਲ ਡੱਟ ਕੇ ਖੜ੍ਹੇ ਹਨ ਅਤੇ ਕਿਸੇ ਇਕ ਵੀ ਪਰਿਵਾਰ ਨੂੰ ਉਹ ਭੁੱਖਾ ਨਹੀਂ ਸੌਣ ਦੇਣਗੇ। ਇਸ ਤੋਂ ਇਲਾਵਾ ਹਲਕੇ ਦੇ ਲੋਕਾਂ ਨੂੰ ਜੇਕਰ ਕੋਈ ਹੋਰ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਅੱਗੇ ਹੋ ਕੇ ਮੱਦਦ ਲਈ ਤਿਆਰ ਹਨ। 

ਇਹ ਵੀ ਪੜ੍ਹੋ : ਲੁਧਿਆਣਾ : ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਨੇ ਗਰੀਬਾਂ ਨੂੰ ਵੰਡਿਆ ਰਾਸ਼ਨ

ਰਾਜਨੀਤੀ ਕਰਨ ਦਾ ਨਹੀਂ ਸਮਾਂ 
ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਅਤੇ ਨਾ ਹੀ ਸ਼ੋਹਰਤ ਇੱਕਠੀ ਕਰਨ ਦਾ ਹੈ। ਇਸ ਲਈ ਉਨ੍ਹਾਂ ਫੈਸਲਾ ਲਿਆ ਹੈ, ਕਿ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਇੱਕਤਰ ਹੋਈ ਰਾਸ਼ੀ ਨਾਲ ਤਿਆਰ ਕੀਤੇ ਰਾਸ਼ਨ ਦੇ ਪੈਕੇਟ ਬਿਨਾਂ ਕਿਸੇ ਭੇਦਭਾਵ ਹਲਕੇ ਦੇ 8000 ਪਰਿਵਾਰਾਂ ਨੂੰ ਭੇਜਣ ਦਾ ਪ੍ਰਬੰਧ ਸਥਾਨਕ ਪ੍ਰਸਾਸ਼ਨ ਹੀ ਕਰੇਗਾ। ਇਸ ਲਈ ਰਾਸ਼ਨ ਦੀਆਂ ਇਹ ਗੱਡੀਆਂ ਅੱਜ ਸਮਰਾਲਾ ਪ੍ਰਸਾਸ਼ਨ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅੱਗੇ ਸਰਕਾਰੀ ਮੁਲਾਜ਼ਮਾਂ ਰਾਹੀ ਲੋੜਵੰਦ ਪਰਿਵਾਰਾਂ 'ਚ ਵੰਡਣ ਲਈ ਭੇਜ ਦਿੱਤਾ ਗਿਆ ਹੈ।
ਅਮਰੀਕ ਢਿੱਲੋਂ ਨੇ ਕਿਹਾ ਕਿ ਲੋੜਵੰਦਾਂ ਦੇ ਰਾਸ਼ਨ ਲਈ ਜਿਸ ਤਰ੍ਹਾਂ ਨਾਲ ਹਲਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਇਲਾਵਾ ਸ਼ੈਲਰ ਮਾਲਕਾਂ, ਆੜਤੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਨੇ ਫਰਾਖਦਿਲੀ ਨਾਲ ਵੱਧ-ਚੜ੍ਹ ਕੇ ਯੋਗਦਾਨ ਦਿੰਦੇ ਹੋਏ ਜਿਸ ਤਰ੍ਹਾਂ ਨਾਲ ਮਾਨਵਤਾਂ ਦਾ ਧਰਮ ਨਿਭਾਇਆ ਹੈ, ਉਹ ਆਪਣੇ ਆਪ 'ਚ ਸੇਵਾ ਭਾਵਨਾ ਦੀ ਬਹੁਤ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ 21 ਦਿਨ ਦੇ ਕਰਫਿਊ ਦੌਰਾਨ ਲੋਕਾਂ ਘਰਾਂ 'ਚ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ ਅਤੇ ਲੋਕਾਂ ਦਾ ਜੀਵਨ ਬਚਾਉਣ ਲਈ ਸਾਰੇ ਲੋੜੀਂਦੇ ਕਦਮ ਸਰਕਾਰ ਵੱਲੋਂ ਚੁੱਕੇ ਜਾ ਰਹੇ ਹਨ।
ਸੰਸਥਾਵਾਂ ਦੀ ਮੱਦਦ ਨਾਲ 25 ਲੱਖ ਦਾ ਪ੍ਰਬੰਧ 
ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਅਤੇ ਜ਼ਰੂਰਤ ਦੇ ਹੋਰ ਸਾਮਾਨ ਲਈ 25 ਇਲਾਕੇ ਭਰ ਦੀਆਂ ਸੰਸਥਾਵਾਂ ਵੱਲੋਂ ਯੋਗਦਾਨ ਦਿੰਦੇ ਹੋਏ 25 ਲੱਖ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਸਾਹਿਬ ਦੀ ਸੰਸਥਾ ਸ਼੍ਰੀ ਸਰਵ ਹਿੱਤਕਾਰੀ ਸਭਾ ਵੱਲੋਂ 2 ਲੱਖ ਰੁਪਏ ਦਾ ਦਾਨ ਦਿੰਦੇ ਹੋਏ ਇਸ ਮਹਾਨ ਕਾਰਜ ਦੀ ਸ਼ੁਰੂਆਤ ਕੀਤੀ ਗਈ ਅਤੇ ਉਸ ਤੋਂ ਬਾਅਦ ਦਾਨੀ ਸੱਜਣਾ ਦਾ ਹੜ੍ਹ ਆ ਗਿਆ। ਉਨ੍ਹਾਂ ਕਿਹਾ ਕਿ ਸਮਰਾਲਾ ਅਤੇ ਮਾਛੀਵਾੜਾ ਦੀਆਂ ਅਣਗਿਣਤ ਸੰਸਥਾਵਾਂ, ਆਗੂਆਂ ਅਤੇ ਉਦਯੋਗਪਤੀਆਂ ਵੱਲੋਂ ਵੱਡੇ ਪੱਧਰ 'ਤੇ ਰਕਮ ਦਾਨ ਦਿੰਦੇ ਹੋਏ ਗਰੀਬਾਂ ਲਈ ਪੁੰਨ ਦੇ ਇਸ ਕਾਰਜ 'ਚ ਸੇਵਾ ਨਿਭਾਈ ਜਾ ਰਹੀ ਹੈ ਅਤੇ ਬਿਨਾ ਕਿਸੇ ਭੇਦਭਾਵ ਤੋਂ ਪ੍ਰਸਾਸ਼ਨ ਰਾਸ਼ਨ ਦੀ ਵੰਡ ਕਰੇਗਾ।

ਇਹ ਵੀ ਪੜ੍ਹੋ : NRI ਭਰਾਵਾਂ ਦੇ ਸਹਿਯੋਗ ਨਾਲ ਪਿਡੰ ਰਣਜੀਤਗੜ੍ਹ ਵਿਖੇ 100 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ


 


author

Babita

Content Editor

Related News