ਵਿਧਾਇਕ ਅਮਿਤ ਰਤਨ ਅਦਾਲਤ ’ਚ ਪੇਸ਼, 16 ਤਕ ਨਿਆਇਕ ਰਿਮਾਂਡ ’ਤੇ ਭੇਜਿਆ ਜੇਲ੍ਹ

Thursday, Mar 02, 2023 - 09:31 PM (IST)

ਵਿਧਾਇਕ ਅਮਿਤ ਰਤਨ ਅਦਾਲਤ ’ਚ ਪੇਸ਼, 16 ਤਕ ਨਿਆਇਕ ਰਿਮਾਂਡ ’ਤੇ ਭੇਜਿਆ ਜੇਲ੍ਹ

ਬਠਿੰਡਾ (ਵਿਜੇ) : ਦਿਹਾਤੀ ਖੇਤਰ ਦੇ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ  ਵਿਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਦਿਨ ਤੋਂ ਉਹ ਪੁਲਸ ਰਿਮਾਂਡ ’ਤੇ ਸੀ, ਉਸੇ ਦਿਨ ਤੋਂ ਉਹ ਵਿਜੀਲੈਂਸ ਦੀ ਹਿਰਾਸਤ ’ਚ ਸੀ। ਉਨ੍ਹਾਂ ਨੂੰ ਅੱਜ ਬਠਿੰਡਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ ਨਿਆਇਕ ਰਿਮਾਂਡ ’ਤੇ ਪਟਿਆਲ ਜੇਲ੍ਹ ਭੇਜ ਦਿੱਤਾ ਗਿਆ। ਇਸ ਮੌਕੇ ਅਮਿਤ ਰਤਨ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਪ੍ਰਿੰਸੀਪਲਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਵਿਜੀਲੈਂਸ ਦੇ ਡੀ. ਐੱਸ. ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਜੋ ਪੁੱਛਗਿੱਛ ਕੀਤੀ ਜਾਣੀ ਸੀ, ਉਹ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਸੀ, ਇਸ ਲਈ ਹੋਰ ਪੁਲਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ। ਦੂਜੇ ਪਾਸੇ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਸ ਰਿਮਾਂਡ ਦੌਰਾਨ ਵਿਜੀਲੈਂਸ ਵਿਧਾਇਕ ਕੋਲੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਨੇ 2017 ’ਚ ਚੋਣ ਲੜੀ ਸੀ, ਉਦੋਂ ਵੀ ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ 2022 ਦੀਆਂ ਚੋਣਾਂ ਦੌਰਾਨ ਆਪਣੀ ਜਾਇਦਾਦ ਦਾ ਐਲਾਨ ਕੀਤਾ ਸੀ, ਜਿਸ ਅਨੁਸਾਰ ਵਿਧਾਇਕ ਵੱਲੋਂ ਕੋਈ ਨਵੀਂ ਜਾਇਦਾਦ ਨਹੀਂ ਬਣਾਈ ਗਈ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਂਦਰ ਦੇ ਰਾਜੋਆਣਾ ਬਾਰੇ ਸੁਪਰੀਮ ਕੋਰਟ ’ਚ ਸਟੈਂਡ ਬਦਲਣ ਦੀ ਕੀਤੀ ਨਿਖੇਧੀ

ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਚੰਡੀਗੜ੍ਹ ਸਥਿਤ ਵਿਧਾਇਕ ਦੀ ਰਿਹਾਇਸ਼ ਤੋਂ ਜੋ ਦਸਤਾਵੇਜ਼ ਲਏ ਸਨ, ਉਨ੍ਹਾਂ ਦੀ ਜਾਂਚ ਦੌਰਾਨ ਵਿਜੀਲੈਂਸ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਨਾ ਹੀ ਪਟਿਆਲਾ ਸਥਿਤ ਰਿਹਾਇਸ਼ ਤੋਂ ਕੁਝ ਬਰਾਮਦ ਹੋਇਆ ਹੈ। ਅਮਿਤ ਰਤਨ ਨੂੰ ਬਠਿੰਡਾ ਦੀ ਬਜਾਏ ਪਟਿਆਲਾ ਜੇਲ੍ਹ ਭੇਜਣ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਅਪੀਲ ਇਸ ਲਈ ਕੀਤੀ ਹੈ ਕਿਉਂਕਿ ਬਠਿੰਡਾ ਜੇਲ੍ਹ ’ਚ ਏ ਕੈਟਾਗਰੀ ਦੇ ਗੈਂਗਸਟਰ ਹਨ, ਜਿੱਥੇ ਵਿਧਾਇਕ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ’ਚ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਨੂੰ 16 ਫਰਵਰੀ ਨੂੰ ਸਰਕਟ ਹਾਊਸ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਹੁਣ 10 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਹੈ।
 


author

Manoj

Content Editor

Related News