ਰਾਜਾ ਵੜਿੰਗ ਦੀ ਸਰਕਾਰੀ ਪਾਇਲਟ ਗੱਡੀ ਹੋਈ ਹਾਦਸੇ ਦਾ ਸ਼ਿਕਾਰ

Thursday, Nov 21, 2019 - 02:01 PM (IST)

ਰਾਜਾ ਵੜਿੰਗ ਦੀ ਸਰਕਾਰੀ ਪਾਇਲਟ ਗੱਡੀ ਹੋਈ ਹਾਦਸੇ ਦਾ ਸ਼ਿਕਾਰ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ) - ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਰਕਾਰੀ ਪਾਇਲਟ ਗੱਡੀ ਦੀ ਅੱਜ ਸਵੇਰੇ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਰਾਜਾ ਵੜਿੰਗ ਦੀ ਗੱਡੀ ਹਾਦਸੇ ਦਾ ਸ਼ਿਕਾਰ ਉਸ ਸਮੇਂ ਹੋਈ ਜਦੋਂ ਉਹ ਆਪਣੇ ਕਾਫਲੇ ਨਾਲ ਸ੍ਰੀ ਮੁਕਤਸਰ ਸਹਿਬ ਤੋਂ ਗਿੱਦੜਬਾਹਾ ਜਾ ਰਹੇ ਸਨ। ਇਸ ਦੌਰਾਨ ਦੋਦਾ ਪੁਲਸ ਚੌਕੀ ਨੇੜੇ ਪੁੱਜਣ ’ਤੇ ਉਨ੍ਹਾਂ ਦੀ ਸਰਕਾਰੀ ਪਾਇਲਟ ਗੱਡੀ ਬਠਿੰਡਾ ਤੋਂ ਆ ਰਹੀ ਇਕ ਗੱਡੀ ਨਾਲ ਟੱਕਰਾ ਗਈ, ਜਿਸ ਦਾ ਬਚਾਅ ਹੋ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਇਲਟ ਗੱਡੀ ਜਿਪਸੀ ਨੰਬਰ - ਪੀ.ਬੀ.02 ਏ.ਏ 5266 ਦੇ ਡਰਾਈਵਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਵਿਧਾਇਕ ਨਾਲ ਗੱਡੀਆਂ ਦੇ ਕਾਫਲੇ 'ਚ ਸਭ ਤੋਂ ਅੱਗੇ ਜਾ ਰਹੇ ਸਨ। ਦੋਦਾ ਪੁਲਸ ਚੌਕੀ ਸਾਹਮਣੇ ਸੁਖਨਾ ਰੋਡ ਨੂੰ ਮੁੜਣ ਸਮੇਂ ਉਨ੍ਹਾਂ ਨੇ ਗੱਡੀ ਦਾ ਐਂਡੀਕੇਟਰ ਅਤੇ ਹੂਟਰ ਛੱਡੇ ਸਨ, ਜਿਸ ਦੇ ਬਾਵਜੂਦ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੂਜੇ ਪਾਸੇ ਕਾਰ ਡਰਾਈਵਰ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਨਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਾਲੀ ਤੋਂ ਪਿੰਡ ਸੁਖਨਾ ਅਬਲੂ ਕਿਸੇ ਦੇ ਮੌਤ ਦੇ ਭੋਗ 'ਤੇ ਜਾਣਾ ਸੀ ਅਤੇ ਦੋਦਾ ਬਸ ਅੱਡੇ ਤੋਂ ਉਨ੍ਹਾਂ ਨੇ ਕਿਸੇ ਨੂੰ ਆਪਣੇ ਨਾਲ ਲੈ ਕੇ ਜਾਣਾ ਸੀ। ਇਸ ਦੌਰਾਨ ਹਲਕਾ ਵਿਧਾਇਕ ਪਾਇਲਟ ਗੱਡੀ ਦੇ ਡਰਾਈਵਰ ਨੇ ਬਿਨਾਂ ਅੱਗੇ ਵੇਖੇ ਗੱਡੀ ਮੋੜ ਦਿੱਤੀ ਅਤੇ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਉਨ੍ਹਾਂ ਦੇ ਕੋਈ ਵੱਡੀ ਸੱਟ ਨਹੀਂ ਲੱਗੀ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਤੋਂ ਕਾਰ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ।

ਇਸ ਸਬੰਧੀ ਜਦੋਂ ਰਾਜਾ ਵੜਿੰਗ ਨਾਲ ਫੋਨ 'ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਦੋਦਾ ਪੁਲਸ ਚੌਕੀ ਇੰਚਾਰਜ ਐੱਸ.ਆਈ.ਬਸ਼ੀਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਬਾਰੇ ਉਨ੍ਹਾਂ ਕੋਲ ਅਜੇ ਤੱਕ ਕੋਈ ਲਿਖਤੀ ਇਤਲਾਹ ਨਹੀਂ ਪਹੁੰਚੀ। ਲਿਖਤੀ ਇਤਲਾਹ ਮਿਲਣ ’ਤੇ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


author

rajwinder kaur

Content Editor

Related News