ਮਿਸ਼ਨ ਕਲੀਨ ਜਲੰਧਰ ਮਲਬੇ ਦੇ ਢੇਰ ਨੂੰ ਸ਼ਹਿਰ ਦੇ ਪਹਿਲੇ ਕੈਕਟਸ ਗਾਰਡਨ ’ਚ ਬਦਲ ਦਿੱਤਾ
Wednesday, Jul 25, 2018 - 06:48 AM (IST)
ਜਲੰਧਰ, (ਖੁਰਾਣਾ)- ਸੋਸ਼ਲ ਮੀਡੀਆ ਦੇ ਲਗਾਤਾਰ ਵਧਦੇ ਪ੍ਰਭਾਵ ਨੂੰ ਦਰਸਾਉਂਦੇ ਫੇਸਬੁੱਕ ਦੇ ਨੋਟਿਸ ਬੋਰਡ ਪੇਜ ਨੇ ਸਮਾਜ ਕਲਿਆਣ ਦੇ ਖੇਤਰ ’ਚ ਜ਼ਿਕਰਯੋਗ ਕੰਮ ਕਰਨ ਤੋਂ ਬਾਅਦ ਹੁਣ ਵਾਤਾਵਰਣ ਦੇ ਮਾਮਲੇ ’ਚ ਵੀ ਚੰਗਾ ਉਪਰਾਲਾ ਕੀਤਾ ਹੈ, ਜਿਸ ਕਾਰਨ ਸੜਕ ਕੰਢੇ ਲੱਗੇ ਮਲਬੇ ਦੇ ਢੇਰ ਨੂੰ ਸ਼ਹਿਰ ਦੇ ਪਹਿਲੇ ਕੈਕਟਸ ਗਾਰan >’ਚ ਬਦਲ ਦਿੱਤਾ ਗਿਆ ਹੈ।
ਮਿਸ਼ਨ ਕਲੀਨ ਜਲੰਧਰ ਦੀ ਪਹਿਲ ’ਤੇ ਦਰਅਸਲ ਇਹ ਪ੍ਰਾਜੈਕਟ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਿਲਕੁਲ ਨੇੜੇ ਸ਼ੁਰੂ ਕੀਤਾ ਗਿਆ ਸੀ। ਉਦੋਂ ਉਥੇ 7-8 ਵਾਲੰਟੀਅਰ ਉਸ ਥਾਂ ਨੂੰ ਸਾਫ ਕਰਨ ਪਹੁੰਚੇ ਪਰ ਮਲਬੇ ਅਤੇ ਕੂੜੇ ਦੀਆਂ ਕਈ ਪਰਤਾਂ ਦੇਖ ਕੇ ਉਨ੍ਹਾਂ ਨੇ ਨਿਗਮ ਨੂੰ ਸਹਾਇਤਾ ਦੀ ਅਪੀਲ ਕੀਤੀ। ਨਿਗਮ ਨੇ ਜੇ. ਸੀ. ਬੀ. ਭੇਜੀ ਸੀ ਪਰ ਉਥੇ ਯੂਨੀਪੋਲ ਅਤੇ ਪੌਦੇ ਲੱਗੇ ਹੋਣ ਕਾਰਨ ਉਸ ਥਾਂ ਨੂੰ ਚੰਗੀ ਤਰ੍ਹਾਂ ਸਾਫ ਨਹੀਂ ਕੀਤਾ ਜਾ ਸਕਿਆ। 
ਨਿਗਮ ਨੇ ਉਦੋਂ ਛੋਟੀ ਗੱਡੀ ਭੇਜਣ ਦਾ ਭਰੋਸਾ ਦਿੱਤਾ ਜੋ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀਂ ਆਈ। ਉਦੋਂ ਇਨ੍ਹਾਂ ਵਾਲੰਟੀਅਰਾਂ ਨੇ ਗੁਰੂ ਨਾਨਕ ਮਿਸ਼ਨ ਟਰੱਸਟ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਆਪਣਾ ਕੰਪਲੈਕਸ ਨਾ ਹੋਣ ਦਾ ਕਹਿ ਕੇ ਅਸਮਰਥਾ ਜਤਾਈ। ਗੁਰਦੁਆਰਾ ਪ੍ਰਤੀਨਿਧੀ ਸ਼੍ਰੀ ਜੁਨੇਜਾ ਨੇ ਖੁਦ ਫੰਡਿੰਗ ਕਰ ਕੇ ਕਾਫੀ ਮਲਬਾ ਚੁਕਵਾਇਆ। ਇਸ ਕੰਮ ’ਚ ਮਿਸ਼ਨ ਕਲੀਨ ਜਲੰਧਰ ਨਾਲ ਜੁੜੇ ਕੁਝ ਅਜਿਹੇ ਵਾਲੰਟੀਅਰਾਂ ਨੇ ਵੀ ਸਾਥ ਦਿੱਤਾ ਜੋ ਹੁਣ ਵਿਦੇਸ਼ਾਂ ’ਚ ਹਨ। ਉਦੋਂ ਮਿਸ਼ਨ ਕਲੀਨ ਨੇ ਇਨ੍ਹਾਂ ਸਾਰਿਆਂ ਦੀ ਸਹਾਇਤਾ ਨਾਲ ਪੂਰਾ ਮਲਬਾ ਚੁਕਵਾ ਦਿੱਤਾ ਅਤੇ ਉਥੇ ਮਿੱਟੀ ਦੀ ਇਕ ਪਰਤ ਵਿਛਾ ਦਿੱਤੀ।
ਕੈਕਟਸ ਦੀਆਂ 22 ਵਰਾਇਟੀਜ਼
ਸ਼ਹਿਰ ਦੇ ਇਸ ਪਹਿਲੇ ਕੈਕਟਸ ਗਾਰਡਨ ’ਚ 22 ਵਰਾਇਟੀਜ਼ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਅਤੇ ਪੌਦਿਆਂ ਦੇ ਨਾਲ ਉਨ੍ਹਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੱਛੇ ਵਾਲੀ ਕੰਧ ’ਤੇ ਖੂਬਸੂਰਤ ਪੇਂਟਿੰਗ ਬਣਾਈ ਗਈ ਹੈ ਅਤੇ ਕਿਆਰੀਆਂ ਤਕ ਨੂੰ ਸਜਾਇਆ ਗਿਆ ਹੈ, ਜਿਸ ਨਾਲ ਟੀਮ ਵਰਕ ਅਤੇ ਕਲਾਤਮਕਤਾ ਝਲਕਦੀ ਹੈ।
