ਹੋਲੀ ਵਾਲੇ ਦਿਨ ਲਾਪਤਾ ਹੋਏ ਵਿਦਿਆਰਥੀ ਦੀ ਕਰਨਾਲ ''ਚੋਂ ਮਿਲੀ ਅੱਧ ਸੜੀ ਲਾਸ਼
Monday, Mar 05, 2018 - 06:23 AM (IST)

ਫਗਵਾੜਾ, (ਜਲੋਟਾ, ਰੁਪਿੰਦਰ ਕੌਰ, ਹਰਜੋਤ)— ਫਗਵਾੜਾ ਦੇ ਬਾਬਾ ਗਧੀਆ ਇਲਾਕੇ ਤੋਂ ਹੋਲੀ ਤਿਉਹਾਰ 'ਤੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਏ 11ਵੀਂ ਜਮਾਤ ਦੇ ਵਿਦਿਆਰਥੀ, ਜਿਸਦੀ ਪਛਾਣ ਸੰਯਮ ਗੁਪਤਾ ਦੇ ਰੂਪ ਵਜੋਂ ਹੋਏ ਹੈ, ਦੀ ਲਾਸ਼ ਲਾਵਾਰਸ ਹਾਲਤ ਵਿਚ ਕਰਨਾਲ 'ਚੋਂ ਬਲੜੀ ਬਾਈਪਾਸ 'ਤੇ ਝਾੜੀਆਂ ਕੋਲ ਅੱਧ ਸੜੀ ਹਾਲਤ ਵਿਚ ਕਰਨਾਲ ਪੁਲਸ ਨੂੰ ਬਰਾਮਦ ਹੋਈ ਹੈ। ਕਰਨਾਲ ਪੁਲਸ ਅਧਿਕਾਰੀਆਂ ਨੇ ਅੱਧਸੜੀ ਹਾਲਤ ਵਿਚ ਮਿਲੀ ਲਾਸ਼ ਦੀ ਜਾਂਚ ਕੀਤੀ ਹੈ। ਕਰਨਾਲ ਪੁਲਸ ਥਾਣਾ ਸਦਰ ਦੇ ਇੰਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਹਾਊਸ ਵਿਚ ਰੱਖਵਾ ਦਿੱਤਾ ਹੈ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਈ ਕੈਰੋਸੀਨ ਦੀ ਬੋਤਲ ਨੂੰ ਬਤੌਰ ਕੇਸ ਐਵੀਡੈਂਸ ਕਬਜ਼ੇ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਕਰਨਾਲ ਦੇ ਬਲੜੀ ਬਾਈਪਾਸ ਸਥਿਤ ਮਯੂਰ ਢਾਬੇ ਕੋਲ ਵਣ ਵਿਭਾਗ ਦੇ ਕਰਮਚਾਰੀ ਸੜਕ ਕਿਨਾਰੇ ਕੰਮ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਕਿ ਨੌਜਵਾਨ ਦੀ ਲਾਸ਼ 'ਤੇ ਪਈ, ਜਿਸਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਦਿੱਤੀ। ਮੌਕੇ 'ਤੇ ਲਾਸ਼ ਦੇ ਕੋਲ ਕੈਰੋਸੀਨ ਦੀ ਖਾਲੀ ਬੋਤਲ ਵੀ ਪਈ ਹੋਈ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸੰਯਮ ਗੁਪਤਾ ਦੀ ਹੱਤਿਆ ਕਰਨ ਤੋਂ ਬਾਅਦ ਹੱਤਿਆਰਿਆਂ ਨੇ ਉਸਦੀ ਪਛਾਣ ਮਿਟਾਉਣ ਲਈ ਉਸਦੀ ਲਾਸ਼ ਨੂੰ ਕੈਰੋਸੀਨ ਪਾ ਕੇ ਸਾੜਿਆ ਹੈ ਨਾਲ ਹੀ ਇਹ ਸ਼ੱਕ ਵੀ ਹੈ ਕਿ ਮ੍ਰਿਤਕ ਨੌਜਵਾਨ ਨੇ ਕੈਰੋਸੀਨ ਪਾ ਕੇ ਆਤਮਹੱਤਿਆ ਕਰ ਲਈ ਹੋਵੇ। ਜਾਣਕਾਰਾਂ ਦੀ ਰਾਏ 'ਚ ਮ੍ਰਿਤਕ ਦੀ ਮੌਤ ਦੀ ਪਹੇਲੀ ਦਾ ਰਹਿਸ ਉਸਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।