ਪੰਜਾਬ 'ਚ 'ਲਾਪਤਾ ਬੱਚਿਆਂ' ਬਾਰੇ ਹੈਰਾਨ ਕਰਦਾ ਖੁਲਾਸਾ, ਲੁਧਿਆਣਾ ਪਹਿਲੇ ਨੰਬਰ 'ਤੇ (ਵੀਡੀਓ)

Monday, Feb 10, 2020 - 02:47 PM (IST)

ਲੁਧਿਆਣਾ (ਨਰਿੰਦਰ) : ਸਾਡੇ ਦੇਸ਼ 'ਚ ਅੱਜ ਵੀ ਲਗਾਤਾਰ ਬੱਚੇ ਲਾਪਤਾ ਹੁੰਦੇ ਹਨ, ਜਿਨ੍ਹਾਂ 'ਚੋਂ ਕੁਝ ਬਾਰੇ ਤਾਂ ਜਾਣਕਾਰੀ ਮਿਲ ਜਾਂਦੀ ਹੈ ਪਰ ਕਈਆਂ ਦਾ ਕੋਈ ਪਤਾ ਟਿਕਾਣਾ ਨਹੀਂ ਲੱਗਦਾ। ਬੱਚਿਆਂ ਦੀ ਗੁੰਮਸ਼ੁਦਗੀ ਬਾਰੇ ਮਸ਼ਹੂਰ ਆਰ. ਟੀ. ਆਈ. ਐਕਟੀਵਿਸਟ ਰੋਹਿਤ ਸੱਭਰਵਾਲ ਦੀ ਆਰ. ਟੀ. ਆਈ. ਤੋਂ ਖੁਲਾਸੇ ਹੋਏ ਹਨ, ਜਿਸ ਦੇ ਤਹਿਤ 2013 ਤੋਂ ਲੈ ਕੇ 2019 ਤੱਕ ਦਾ ਬੱਚਿਆਂ ਦੀ ਗੁੰਮਸ਼ੁਦਗੀ ਦਾ ਡਾਟਾ ਸਾਹਮਣੇ ਆਇਆ ਹੈ, ਜਿਸ 'ਚ ਅਜੇ ਤੱਕ 1491 ਬੱਚੇ ਅਜਿਹੇ ਲਾਪਤਾ ਹਨ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਮਿਲੀ।

ਕੁੱਲ 6118 ਲੜਕੀਆਂ ਅਤੇ 2314 ਲੜਕਿਆਂ ਦੀ ਗੁੰਮਸ਼ੁਦਗੀ ਦੀ ਐੱਫ. ਆਈ. ਆਰ. ਦਰਜ ਹੋਈ ਸੀ, ਜਿਨ੍ਹਾਂ ਚੋਂ 2013-2019 ਤੱਕ ਲਾਪਤਾ ਹੋਈਆਂ 5106 ਲੜਕੀਆਂ ਨੂੰ ਤਾਂ ਲੱਭ ਲਿਆ ਗਿਆ ਪਰ 1012 ਲੜਕੀਆਂ ਦਾ ਹਾਲੇ ਤੱਕ ਕੁੱਝ ਨਹੀਂ ਪਤਾ ਲੱਗ ਸਕਿਆ। ਇਸੇ ਤਰ੍ਹਾਂ ਲੱਗਭਗ 2314 ਲੜਕਿਆਂ 'ਚੋਂ 1835 ਨੂੰ ਲੱਭ ਲਿਆ ਗਿਆ, ਜਦੋਂ ਕਿ ਅਜੇ ਵੀ 479 ਲਾਪਤਾ ਹਨ। ਰੋਹਿਤ ਸਭਰਵਾਲ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਆਰ. ਟੀ. ਆਈ. ਪੁਲਸ ਮਹਿਕਮੇ 'ਚ ਅਪਰੈਲ, 2019 'ਚ ਲਾਈ ਗਈ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਜੋ ਆਰ. ਟੀ. ਆਈ. ਦਾ ਜਵਾਬ ਉਨ੍ਹਾਂ ਨੂੰ 35 ਦਿਨ 'ਚ ਦੇਣਾ ਸੀ, ਉਸ ਲਈ ਉਨ੍ਹਾਂ ਨੇ 200 ਦਿਨਾਂ ਤੋਂ ਵੀ ਵੱਧ ਦਾ ਸਮਾਂ ਲੈ ਲਿਆ।

ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਲਾਪਤਾ ਹੋਏ ਬੱਚਿਆਂ ਦੀ ਗਿਣਤੀ ਲੁਧਿਆਣਾ 'ਚ ਸਭ ਤੋਂ ਵੱਧ ਹੈ। ਇੱਥੋਂ 300 ਤੋਂ ਵੱਧ ਬੱਚੇ ਹੁਣ ਤੱਕ ਲਾਪਤਾ ਹੋਏ ਹਨ, ਜਿਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ। ਇੱਥੋਂ ਤੱਕ ਕਿ ਪੁਲਸ ਨੇ ਉਨ੍ਹਾਂ ਦੀ ਜਾਂਚ-ਪੜਤਾਲ ਵੀ ਕਰਨੀ ਬੰਦ ਕਰ ਦਿੱਤੀ ਹੈ। ਰੋਹਿਤ ਸੱਭਰਵਾਲ ਨੇ ਦੱਸਿਆ ਕਿ ਗੁੰਮਸ਼ੁਦਾ ਬੱਚਿਆਂ ਲਈ ਇੱਕ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਅਤੇ ਮਾਣਯੋਗ ਸੁਪਰੀਮ ਕੋਰਟ ਦਾ ਇਹ ਹੁਕਮ ਹੈ ਕਿ ਜੇਕਰ ਚਾਰ ਮਹੀਨਿਆਂ ਤੱਕ ਬੱਚੇ ਨਹੀਂ ਲੱਭਦੇ ਤਾਂ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਜਾਵੇਗੀ ਪਰ ਉਨ੍ਹਾਂ ਕਿਹਾ ਕਿ ਪੁਲਸ ਦੇ ਢਿੱਲੇ ਰਵੱਈਏ ਤੋਂ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਕਮਿਸ਼ਨ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਰੋਹਿਤ ਸੱਭਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਪੁਲਸ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਮਾਮਲੇ 'ਚ ਜਾਂਚ ਨੂੰ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਹਾਈਕੋਰਟ ਦਾ ਰੁੱਖ ਵੀ ਕਰਨਗੇ। ਰੋਹਿਤ ਸੱਭਰਵਾਲ ਨੇ ਕਿਹਾ ਕਿ ਇੰਨੀ ਵੱਡੀ ਤਾਦਾਦ 'ਚ ਬੱਚਿਆਂ ਦੇ ਅੱਜ ਤੱਕ ਲਾਪਤਾ ਹੋਣ ਬਾਰੇ ਪੁਲਸ ਦੀ ਚੁੱਪੀ ਕਿਤੇ ਨਾ ਕਿਤੇ ਇਸ਼ਾਰਾ ਕਰਦੀ ਹੈ ਕਿ ਇਨ੍ਹਾਂ ਬੱਚਿਆਂ ਦੀ ਖਰੀਦੋ-ਫਰੋਖਤ ਵੀ ਹੋਈ ਹੋਵੇਗੀ।
ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਬੀਤੇ ਛੇ ਸਾਲਾਂ ਦਾ ਦਿੱਤਾ ਗਿਆ ਇਹ ਡਾਟਾ ਸਿਰਫ ਅਧਿਕਾਰਕ ਹੈ। ਇਹ ਉਹੀ ਬੱਚੇ ਹਨ, ਜਿਨ੍ਹਾਂ ਦੀ ਗੁੰਮਸ਼ੁਦਗੀ ਦੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਜੋ ਗਰੀਬ ਬੱਚੇ ਜਾਂ ਲਾਵਾਰਿਸ ਬੱਚੇ ਲਾਪਤਾ ਹੁੰਦੇ ਹਨ, ਉਨ੍ਹਾਂ ਦੀ ਗਿਣਤੀ ਇਸ ਡਾਟੇ ਤੋਂ ਕਈ ਗੁਣਾ ਵੱਧ ਹੋ ਸਕਦੀ ਹੈ। ਜਿਨ੍ਹਾਂ ਦੀ ਭਾਲ ਲਈ ਨਾ ਪੁਲਸ ਵੱਲੋਂ ਕੋਈ ਯਤਨ ਕੀਤਾ ਗਿਆ ਅਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ।


author

Babita

Content Editor

Related News