ਬੱਚੇ ਗਾਇਬ ਹੋਣ ਦੇ ਮਾਮਲੇ ''ਚ ''ਚੰਡੀਗੜ੍ਹ'' ਬਾਰੇ ਹੋਇਆ ਹੈਰਾਨ ਕਰਦਾ ਖੁਲਾਸਾ
Saturday, Dec 16, 2017 - 01:13 PM (IST)

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਬੱਚਿਆਂ ਦੇ ਗਾਇਬ ਹੋਣ ਮਾਮਲਿਆਂ ਸਬੰਧੀ ਹੈਰਾਨ ਕਰਦਾ ਖੁਲਾਸਾ ਸਾਹਮਣੇ ਆਇਆ ਹੈ। ਐੱਨ. ਸੀ. ਆਰ. ਬੀ. ਦੀ ਇਕ ਰਿਪੋਰਟ ਮੁਤਾਬਕ ਦਿੱਲੀ ਤੋਂ ਬਾਅਦ ਚੰਡੀਗੜ੍ਹ 'ਚ ਸਭ ਤੋਂ ਜ਼ਿਆਦਾ ਬੱਚੇ ਲਾਪਤਾ ਹੋਏ ਹਨ। ਇਨ੍ਹਾਂ 'ਚੋਂ 127 ਲੜਕੀਆਂ, ਜਦੋਂ ਕਿ 74 ਲੜਕੇ ਸ਼ਾਮਲ ਹਨ। ਪੁਲਸ ਨੇ 152 ਮਾਮਲਿਆਂ 'ਚ ਬੱਚਿਆਂ ਨੂੰ ਮਾਤਾ-ਪਿਤਾ ਨਾਲ ਮਿਲਾ ਦਿੱਤਾ ਹੈ, ਜਦੋਂ ਕਿ ਅਜੇ ਵੀ ਕਈ ਮਾਮਲੇ ਅਣਸੁਲਝੇ ਹਨ। 2017 ਜਨਵਰੀ ਤੋਂ ਲੈ ਕੇ ਹੁਣ ਤੱਕ 100 ਤੋਂ ਜ਼ਿਆਦਾ ਬੱਚੇ ਗਾਇਬ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਪੁਲਸ ਨੂੰ ਕਰੀਬ 53 ਬੱਚਿਆਂ ਨੂੰ ਲੱਭਣ 'ਚ ਕਾਮਯਾਬੀ ਹਾਸਲ ਹੋਈ ਹੈ। ਆਂਕੜੇ ਦੱਸਦੇ ਹਨ ਕਿ ਦਿੱਲੀ ਤੋਂ ਬਾਅਦ ਚੰਡੀਗੜ੍ਹ ਅੱਵਲ ਹੈ, ਜਦੋਂ ਕਿ ਇੱਥੋਂ ਦੀ ਪੁਲਸ ਮਾਮਲੇ ਸੁਲਝਾਉਣ 'ਚ ਕਾਫੀ ਤੇਜ਼ ਹੈ।
ਪੁਲਸ ਨੇ ਮਨਿਸਟਰੀ ਆਫ ਹੋਮ ਅਫੇਅਰਜ਼ ਦੇ ਨਿਰਦੇਸ਼ਾਂ 'ਤੇ ਸਾਲ 2016 'ਚ ਕੁੱਲ 44 ਟੀਮਾਂ ਗਠਿਤ ਕੀਤੀਆਂ ਸਨ ਤਾਂ ਜੋ ਗੁੰਮਸ਼ੁਦਾ ਬੱਚਿਆਂ ਦੀ ਤਲਾਸ਼ ਕੀਤੀ ਜਾ ਸਕੇ। ਇਸ ਲਈ ਟੀਮਾਂ ਨੇ ਡੋਰ ਟੂ ਡੋਰ ਸਰਵੇ ਕੀਤਾ ਸੀ ਅਤੇ ਕੁੱਲ 66 ਮਾਮਲਿਆਂ 'ਚ ਅਜਿਹੇ ਬੱਚਿਆਂ ਨੂੰ ਲੱਭ ਕੇ ਕੁਝ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਕਿ ਬਾਕੀ ਜਿਨ੍ਹਾਂ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਸੀ, ਉਨ੍ਹਾਂ ਨੂੰ ਸਨੇਹਾਲਿਆ ਭੇਜ ਦਿੱਤਾ ਸੀ। ਇਨ੍ਹਾਂ 'ਚ 15 ਦੇ ਕਰੀਬ ਬੱਚੇ ਦੂਜੇ ਸੂਬਿਆਂ ਦੇ ਮਿਲੇ ਸਨ। ਗੁੰਮ ਹੋਏ ਬੱਚਿਆਂ ਨੂੰ ਪੁਲਸ ਵਲੋਂ ਲੱਭਣ ਤੋਂ ਬਾਅਦ ਉਹ ਆਪਣੇ ਘਰ ਦਾ ਪਤਾ ਨਹੀਂ ਦੱਸ ਪਾਉਂਦੇ, ਜਿਸ ਕਾਰਨ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਕਾਊਂਸਲਿੰਗ ਦੌਰਾਨ ਸਾਹਮਣੇ ਆਉਂਦਾ ਹੈ ਕਿ ਬੱਚੇ ਦੂਜੇ ਸੂਬਿਆਂ ਦੇ ਹੁੰਦੇ ਹਨ। ਅਜਿਹੇ ਮਾਮਲਿਆਂ 'ਚ ਪੁਲਸ ਉਨ੍ਹਾਂ ਸੂਬਿਆਂ ਦੀ ਪੁਲਸ ਨਾਲ ਸੰਪਰਕ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਂਦੀ ਹੈ।