ਲਾਪਤਾ ਹੋਇਆ ਬੱਚਾ ਥਾਣਾ ਸਿਟੀ-2 ਦੀ ਪੁਲਸ ਨੇ 2 ਘੰਟਿਆਂ ''ਚ ਲੱਭ ਕੇ ਕੀਤਾ ਮਾਪਿਆਂ ਹਵਾਲੇ
Saturday, Sep 20, 2025 - 09:20 PM (IST)

ਮਾਨਸਾ (ਮਿੱਤਲ) - ਸਥਾਨਕ ਸ਼ਹਿਰ ਦੇ ਵਾਰਡ ਨੰ. 7 ਦਾ 3 ਸਾਲਾਂ ਘਰੋਂ ਲਾਪਤਾ ਹੋਇਆ ਬੱਚਾ ਕਵੀਅੰਸ਼ ਥਾਣਾ ਸਿਟੀ-2 ਪੁਲਸ ਨੇ 2 ਘੰਟਿਆਂ ਵਿੱਚ ਲੱਭ ਕੇ ਮਾਪਿਆਂ ਹਵਾਲੇ ਕੀਤਾ। ਪੁਲਸ ਨੇ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦਿਆਂ ਹੀ ਟੀਮਾਂ ਬਣਾ ਕੇ ਉਸ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਤੋਂ ਇਲਾਵਾ ਸ਼ਹਿਰ ਵਿੱਚ ਉਸ ਦੀ ਭਾਲ ਕੀਤੀ ਗਈ। ਥਾਣਾ ਸਿਟੀ-2 ਦੀ ਪੁਲਸ ਨੂੰ ਵਾਰਡ ਨੰ.7 ਦੇ ਮੁਨੀਸ਼ ਕੁਮਾਰ ਨੇ ਉਸ ਦਾ ਬੱਚਾ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਥਾਣਾ ਸਿਟੀ-2 ਦੇ ਮੁਖੀ ਗੁਰਤੇਜ਼ ਸਿੰਘ ਅਤੇ ਥਾਣਾ ਸਿਟੀ-2 ਦੇ ਮੁਨਸ਼ੀ ਕੁਲਦੀਪ ਸਿੰਘ ਨੇ ਟੀਮਾਂ ਬਣਾ ਕੇ ਉਸ ਦੀ ਸ਼ਹਿਰ ਵਿੱਚ ਤਲਾਸ਼ ਕੀਤੀ ਅਤੇ ਉਹ ਬੱਚਾ ਬੱਸ ਸਟੈਂਡ ਅੰਦਰ ਇੱਕਲਾ ਬੈਠਾ ਰੋਂਦਾ ਪੁਲਸ ਨੂੰ ਮਿਲਿਆ ਜੋ ਘਰੋਂ ਅਚਾਨਕ ਰਾਹ ਭੁੱਲ ਕੇ ਬੱਸ ਸਟੈਂਡ ਤੱਕ ਆ ਗਿਆ ਅਤੇ ਜਦੋਂ ਉਸ ਨੂੰ ਕੋਈ ਵੀ ਘਰ ਦਾ ਰਸਤਾ ਨਾ ਮਿਲਿਆ ਤਾਂ ਉਹ ਬੱਸ ਸਟੈਂਡ ਅੰਦਰ ਬੈਠ ਕੇ ਉੱਚੀ-ਉੱਚੀ ਰੋਣ ਲੱਗਾ। ਜਿਸ ਨੂੰ ਦੇਖ ਕੇ ਲੋਕਾਂ ਦਾ ਇੱਕਠ ਹੋਇਆ। ਲੋਕਾਂ ਦਾ ਇੱਕਠ ਦੇਖ ਕੇ ਪੁਲਸ ਨੇ ਕਵੀਅੰਸ਼ ਨੂੰ ਦੇਖਿਆ ਅਤੇ ਉਸ ਨੂੰ ਥਾਣੇ ਲਿਆਂਦਾ ਅਤੇ ਉਸ ਦੇ ਮਾਪਿਆਂ ਨੂੰ ਸੂਚਨਾ ਕੀਤੀ।
ਸਨਾਖਤ ਤੋਂ ਬਾਅਦ ਪੁਲਸ ਨੇ ਬੱਚੇ ਕਵੀਅੰਸ਼ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚੇ ਦੇ ਮਾਪਿਆਂ ਨੇ ਪੁਲਸ ਦਾ ਉਨ੍ਹਾਂ ਦਾ ਲਾਪਤਾ ਹੋਇਆ ਬੱਚਾ 2 ਘੰਟਿਆਂ ਵਿੱਚ ਲੱਭ ਕੇ ਦੇਣ ਲਈ ਧੰਨਵਾਦ ਕੀਤਾ। ਥਾਣਾ ਸਿਟੀ-2 ਦੇ ਮੁਖੀ ਗੁਰਤੇਜ਼ ਸਿੰਘ ਨੇ ਕਿਹਾ ਕਿ ਮਾਪਿਆਂ ਨੂੰ ਛੋਟੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਦੇ ਵੀ ਉਨ੍ਹਾਂ ਪ੍ਰਤੀ ਆਉਂਦੀ-ਜਾਂਦੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਇਸ ਮੌਕੇ ਏ.ਐੱਸ.ਆਈ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।