ਦੋਸਤ ਨਾਲ ਗਿਆ ਪੁੱਤ ਨਹੀਂ ਪਰਤਿਆ ਘਰ, 5 ਦਿਨ ਬਾਅਦ ਮਿਲੀ ਖ਼ਬਰ ਨਾਲ ਦਹਿਲ ਗਿਆ ਪਰਿਵਾਰ
Monday, Aug 05, 2024 - 11:37 AM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ): ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਾਂਗਲਾ ਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਹੌਰ ਬਰਾਂਚ ਨਹਿਰ 'ਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾਂਗਲਾ ਵਜੋਂ ਹੋਈ ਹੈ। ਉਹ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜਦੀਕ ਲੰਘਦੀ ਨਹਿਰ 'ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭੈਣ ਨੇ ਪਿੰਡ ਭਾਰਥਵਾਲ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਦੇਰ ਰਾਤ ਵਾਪਰਿਆ ਹਾਦਸਾ! ਗੱਡੀ ਦੀਆਂ ਲੱਗੀਆਂ 6 ਪਲਟੀਆਂ
ਮ੍ਰਿਤਕ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕਿ 31 ਜੁਲਾਈ ਨੂੰ ਉਸ ਦੇ ਪੁੱਤਰ ਪ੍ਰਭਦੀਪ ਸਿੰਘ ਨੂੰ ਪਿੰਡ ਭਾਰਥਵਾਲ ਦਾ ਇਕ ਵਿਅਕਤੀ ਸ਼ਾਮ 8 ਵਜੇ ਘਰੋਂ ਬੁਲਾ ਕੇ ਲੈ ਗਿਆ ਸੀ। ਅਗਲੇ ਦਿਨ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਜਦ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਕਿਧਰੇ ਚਲਾ ਗਿਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਇਕ ਆਡੀਓ ਵਾਇਰਲ ਹੋਈ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਪ੍ਰਭਦੀਪ ਸਿੰਘ ਦੀ ਲਾਸ਼ ਨਹਿਰ 'ਚੋਂ ਹੀ ਮਿਲੇਗੀ ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਭੈਣ ਪਲਕਦੀਪ ਕੌਰ ਨੇ ਕਿਹਾ ਕਿ ਜਦ ਉਕਤ ਵਿਆਕਤੀ ਉਸ ਦੇ ਭਰਾ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ । ਉਸ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ ਥਾਣਾ ਝੰਡੇਰ ਕਲਾਂ ਦੇ ਅਧੀਨ ਪਿੰਡ ਸੰਗਤਪੁਰਾ ਦੇ ਨਜ਼ਦੀਕ ਨਹਿਰ ਲਾਹੌਰ ਬਰਾਂਚ ਚੋਂ ਇਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਪ੍ਰਭਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਮਿਲੀ ਖ਼ਬਰ ਮਗਰੋਂ ਧਾਹਾਂ ਮਾਰ ਰੋਇਆ ਪਰਿਵਾਰ, 3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ
ਉੱਧਰ ਥਾਣਾ ਘਣੀਏ ਕੇ ਬਾਂਗਰ ਦੇ ਏ.ਐੱਸ.ਆਈ. ਆਨੰਦ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਭਦੀਪ ਸਿੰਘ ਦੀ ਮਾਤਾ ਪਲਵਿੰਦਰ ਕੌਰ ਵੱਲੋਂ ਇਕ ਸ਼ਿਕਾਇਤ ਮਿਲੀ ਸੀ ਅਤੇ ਅੱਜ ਪਤਾ ਲੱਗਾ ਹੈ ਕਿ ਪ੍ਰਭਦੀਪ ਸਿੰਘ ਦੀ ਲਾਸ਼ ਥਾਣਾ ਝੰਡੇਰ ਕਲਾਂ ਦੀ ਪੁਲਸ ਵੱਲੋਂ ਨਹਿਰ 'ਚੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥਾਣਾ ਝੰਡੇਰ ਕਲਾਂ ਦੀ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8