ਸ਼ਾਪਿੰਗ ਕਰਨ ਆਈ ਮਾਂ ਨਾਲ ਜੋ ਹੋਇਆ, ਉਸ ਨੂੰ ਦੇਖ ਸੁੱਕੇ ਸਾਹ, ਪਰ 1 ਘੰਟੇ ਬਾਅਦ ਪੁਲਸ ਦੀ ਮਦਦ ਸਦਕਾ ਮਿਲੀਆਂ ਵਾਪਸ ਖੁਸ਼ੀਆਂ
Saturday, Jun 10, 2017 - 07:04 PM (IST)
ਬਰੇਟਾ(ਸਿੰਗਲਾ)— ਇਥੋਂ ਦੇ ਪਿੰਡ ਧਰਮਪੁਰਾ ਵਿਖੇ ਜਸਵੀਰ ਸਿੰਘ ਬੌਰਾਂ ਵਾਲੇ ਦੇ ਘਰ ਦਿੱਲੀ ਤੋਂ ਭੈਣ ਨੂੰ ਮਿਲਣ ਆਈ ਪੂਨਮ ਪਤਨੀ ਰਮੇਸ਼ ਸਿੰਘ ਜੋ ਸ਼ਨੀਵਾਰ ਸਵੇਰ ਵੇਲੇ ਬਰੇਟਾ ਮੰਡੀ ਵਿਖੇ ਖਰੀਦਦਾਰੀ ਲਈ ਪੁੱਜੇ ਹੋਏ ਸਨ ਤਾਂ ਇਕ ਦੁਕਾਨ ਤੋਂ ਖਰੀਦਦਾਰੀ ਕਰਦੇ ਸਮੇਂ ਪੂਨਮ ਦਾ 3 ਸਾਲ ਦਾ ਪੁੱਤਰ ਸਮਰ ਅਚਾਨਕ ਗਾਇਬ ਹੋ ਗਿਆ। ਇਹ ਸਭ ਦੇਖ ਉਸ ਦੀ ਮਾਂ ਸਣੇ ਸਭ ਦੇ ਸਾਹ ਸੁੱਕੇ ਰਹਿ ਗਏ ਅਤੇ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਤੁਰੰਤ ਨੇੜੇ ਹੀ ਕ੍ਰਿਸ਼ਨਾ ਮੰਦਰ ਦੇ ਲਾਊਡ ਸਪੀਕਰ ਰਾਹੀ ਬੱਚੇ ਦੇ ਗੁੰਮ ਹੋਣ ਵਾਰੇ ਬੋਲਿਆ ਗਿਆ ਅਤੇ ਪੁਲਸ ਨੂੰ ਸੂਚਨਾ ਦੇਣ 'ਤੇ ਥਾਣਾ ਮੁਖੀ ਸ. ਜਸਵੀਰ ਸਿੰਘ ਵੱਲੋਂ ਪੁਲਸ ਸਟਾਫ ਦੀਆਂ ਬੱਚਾ ਲੱਭਣ ਲਈ ਡਿਊਟੀਆਂ ਲਗਾਏ ਜਾਣ 'ਤੇ ਪੁਲਸ ਮੁਲਾਜ਼ਮ ਸੰਦੀਪ ਸਿੰਘ ਅਤੇ ਜਗਸੀਰ ਸਿੰਘ ਜਿਹੜੇ ਕਿ ਕੁਲਰੀਆਂ ਵਾਲੀ ਸੜਕ 'ਤੇ ਭਾਲ 'ਚ ਨਿਕਲੇ ਤਾਂ ਪਤਾ ਕਰਦਿਆਂ ਨਹਿਰ ਦੇ ਕੁਲਰੀਆਂ ਵਾਲੇ ਪੁਲ ਲਾਗਿਓਂ ਬੱਚਾ ਜਾਂਦਾ ਹੋਇਆ ਲੱਭ ਗਿਆ। ਉਨ੍ਹਾਂ ਨੇ ਇਹ ਬੱਚਾ ਲਗਭਗ 1 ਘੰਟੇ 'ਚ ਹੀ ਲੱਭ ਕੇ ਉਸ ਦੀ ਮਾਤਾ ਨੂੰ ਸੌਂਪ ਦਿੱਤਾ। ਪੁਲਸ ਦਾ ਕਹਿਣਾਂ ਸੀ ਕਿ ਇਹ ਛੋਟਾ ਬੱਚਾ ਅਚਾਨਕ ਹੀ ਪਿੰਡ ਨੂੰ ਨਿਕਲ ਗਿਆ ਸੀ ਪਰ ਉਹ ਧਰਮਪੁਰਾ ਵਾਲੀ ਸੜਕ ਦੀ ਬਜਾਏ ਕੁਲਰੀਆਂ ਵਾਲੀ ਸੜਕ ਪੈ ਗਿਆ। ਸਮੇਂ ਸਿਰ ਭਾਲ ਹੋ ਗਈ ਨਹੀਂ ਤਾਂ ਇਹ 3 ਸਾਲ ਦਾ ਬੱਚਾ ਗਲਤ ਰਸਤੇ ਜਾ ਕੇ ਭਟਕ ਵੀ ਸਕਦਾ ਸੀ।
