ਤਰਨਤਾਰਨ ’ਚ ਵੱਡੀ ਵਾਰਦਾਤ, ਪਰਿਵਾਰ ਸਾਹਮਣੇ ਘਰੋਂ ਚੁੱਕ ਕੇ ਲੈ ਗਏ ਨਾਬਾਲਿਗ ਕੁੜੀ
Friday, Feb 03, 2023 - 06:38 PM (IST)

ਤਰਨਤਾਰਨ (ਰਮਨ) : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਇਕ ਨਾਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰੋਂ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਬਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਸ਼ਿਕਾਇਤ ਮਿਲਣ ਤੋਂ 13 ਦਿਨਾਂ ਬਾਅਦ ਚਾਰ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਨਾਬਾਲਿਗ ਲੜਕੀ ਦੀ ਮਾਂ ਵਲੋਂ ਪੁਲਸ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਐੱਸ.ਐੱਸ.ਪੀ ਪਾਸੋਂ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਦੇ ਹੋਏ ਅਤੇ ਬੱਚੀ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਵੱਡੀ ਵਾਰਦਾਤ, ਗੁਰਦੁਆਰਾ ਦੂਖ ਨਿਵਾਰਣ ਸਾਹਿਬ ਸਾਹਮਣੇ ਨੌਜਵਾਨ ਦਾ ਕਤਲ
ਪਲਵਿੰਦਰ ਕੌਰ ਪਤਨੀ ਉਂਕਾਰ ਸਿੰਘ ਨਿਵਾਸੀ ਭੈਲ ਢਾਏ ਵਾਲਾ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਗਰੀਬ ਘਰ ਨਾਲ ਸਬੰਧ ਰੱਖਦੇ ਹਨ। ਉਸ ਦਾ ਪਤੀ ਅਤੇ ਉਹ ਖੁਦ ਮਿਹਨਤ ਮਜ਼ਦੂਰੀ ਕਰਦੇ ਹੋਏ ਪਰਿਵਾਰ ਦਾ ਪੇਟ ਪਾਲ ਰਹੇ ਹਨ। ਬੀਤੀ 19 ਜਨਵਰੀ ਦੀ ਸ਼ਾਮ ਸਾਢੇ 6 ਵਜੇ ਜਦੋਂ ਉਹ ਆਪਣੀ 16 ਸਾਲਾ ਬੇਟੀ ਹਰਮਨਪ੍ਰੀਤ ਕੌਰ, ਆਪਣੀ ਭੈਣ ਸਰਬਜੀਤ ਕੌਰ ਨਾਲ ਘਰ ਵਿਚ ਮੌਜੂਦ ਸਨ ਤਾਂ ਜਗਰੂਪ ਸਿੰਘ ਪੁੱਤਰ ਜਗਤਾਰ ਸਿੰਘ, ਉਸਦੀ ਮਾਂ ਜਗੀਰ ਕੌਰ ਵਾਸੀ ਪਿੰਡ ਭੈਲ ਢਾਏ ਵਾਲਾ ਸਮੇਤ ਦਲਜੀਤ ਕੌਰ ਉਰਫ ਲਾਡੀ ਪਤਨੀ ਦਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨਿਵਾਸੀ ਪਿੰਡ ਢੋਟੀਆਂ ਸਵਿਫਟ ਕਾਰ ’ਚ ਉਸ ਦੇ ਘਰ ਅੰਦਰ ਜ਼ਬਰਦਸਤੀ ਦਾਖਲ ਹੋ ਗਏ।
ਇਹ ਵੀ ਪੜ੍ਹੋ : ਜਵਾਨੀ ਦੀ ਬਰੂਹੇ ਪਹੁੰਚਣ ਤੋਂ ਪਹਿਲਾਂ ‘ਚਿੱਟੇ’ ਨੇ ਜਕੜਿਆ ਉੱਘਾ ਕਬੱਡੀ ਖਿਡਾਰੀ, ਓਵਰਡੋਜ਼ ਨਾਲ ਹੋਈ ਮੌਤ
ਪੀੜਤ ਔਰਤ ਨੇ ਦੱਸਿਆ ਕਿ ਵੇਖਦੇ ਹੀ ਵੇਖਦੇ ਸਾਰੇ ਮੁਲਜ਼ਮ ਉਸ ਦੀ ਨਾਬਾਲਿਗ ਬੇਟੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ, ਜਿਸ ਦੀ ਕਾਫੀ ਭਾਲ ਕਰਨ ’ਤੇ ਵੀ ਉਹ ਨਹੀਂ ਮਿਲੀ। ਪੀੜਤਾ ਨੇ ਦੱਸਿਆ ਕਿ ਪੁਲਸ ਨੂੰ ਉਸੇ ਦਿਨ ਦਰਖਾਸਤ ਦਿੰਦੇ ਹੋਏ ਇਨਸਾਫ ਦੀ ਅਪੀਲ ਕੀਤੀ ਗਈ ਸੀ ਪਰ ਪੁਲਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਪੁਲਸ ’ਤੇ ਦੋਸ਼ ਲਗਾਇਆ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਜਾਣ-ਬੁੱਝ ਕੇ ਢਿੱਲ ਵਰਤ ਰਹੀ ਹੈ ਜਦਕਿ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਉੱਧਰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸੂਬੇ ਦੇ ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਵੱਡੇ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।