ਨਹਿਰ ''ਚ ਛਾਲ ਮਾਰਨ ਵਾਲਾ ਖ਼ੁਦਕੁਸ਼ੀ ਨੋਟ ਲਿਖਣ ਵਾਲੀ ਨਾਬਾਲਗ ਕੁੜੀ ਜ਼ਿੰਦਾ ਮਿਲੀ
Saturday, Feb 20, 2021 - 03:55 PM (IST)
ਮਾਛੀਵਾਡ਼ਾ ਸਾਹਿਬ (ਟੱਕਰ) : ਮਾਛੀਵਾੜਾ ਸਰਹਿੰਦ ਨਹਿਰ ਕਿਨਾਰੇ ਬੀਤੀ ਦੇਰ ਸ਼ਾਮ ਛਾਲ ਮਾਰਨ ਵਾਲਾ ਖ਼ੁਦਕੁਸ਼ੀ ਨੋਟ ਲਿਖ ਕੇ ਲਾਪਤਾ ਹੋਣ ਵਾਲੀ ਨਾਬਾਲਗ ਕੁੜੀ ਨੂੰ ਪੁਲਸ ਨੇ ਮੁਸਤੈਦੀ ਵਰਤਦਿਆਂ ਕੁੱਝ ਹੀ ਘੰਟਿਆਂ ’ਚ ਜ਼ਿੰਦਾ ਬਰਾਮਦ ਕਰ ਲਿਆ। ਮਾਛੀਵਾੜਾ ਪੁਲਸ ਨੇ ਬਰਾਮਦ ਕੀਤੀ ਕੁੜੀ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਕਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ 10ਵੀਂ ਜਮਾਤ 'ਚ ਪੜ੍ਹਦੀ ਕੁੜੀ ਟਿਊਸ਼ਨ ਤੋਂ ਬਾਅਦ ਘਰ ਨਹੀਂ ਪਰਤੀ, ਜਿਸ ’ਤੇ ਪੁਲਸ ਵੱਲੋਂ ਤੁਰੰਤ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਕੁੜੀ ਦੀ ਸਕੂਟਰੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜਿਓਂ ਬਰਾਮਦ ਹੋਈ। ਉਸ ’ਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ ਕਿ ਉਹ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਰਹੀ ਹੈ ਪਰ ਕਿਸੇ ਵੀ ਵਿਅਕਤੀ ਨੇ ਉਸ ਨੂੰ ਨਹਿਰ 'ਚ ਛਾਲ ਮਾਰਦਿਆਂ ਨਹੀਂ ਦੇਖਿਆ ਸੀ। ਇਸ ਤੋਂ ਬਾਅਦ ਪੁਲਸ ਨੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਇਸ ਨਾਬਾਲਗ ਕੁੜੀ ਨੇ ਨਹਿਰ ’ਚ ਛਾਲ ਨਹੀਂ ਮਾਰੀ ਸੀ, ਸਗੋਂ ਇੱਥੋਂ ਬੱਸ ’ਤੇ ਸਵਾਰ ਹੋ ਕੇ ਮੋਗਾ ਜ਼ਿਲ੍ਹੇ ਚਲੀ ਗਈ। ਇਸ ਸਬੰਧੀ ਉਨ੍ਹਾਂ ਨੂੰ ਰਾਤ ਕਰੀਬ 10 ਵਜੇ ਸੂਚਨਾ ਮਿਲ ਗਈ।
ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਤੇ ਹੌਲਦਾਰ ਕਰਨੈਲ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਮੋਗਾ ਵੱਲ ਰਾਤ ਨੂੰ ਹੀ ਰਵਾਨਾ ਹੋ ਗਏ ਅਤੇ ਕੁੜੀ ਨੂੰ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ 10ਵੀਂ ਜਮਾਤ ’ਚ ਪੜ੍ਹਦੀ ਕੁੜੀ ਦਾ ਪ੍ਰੀ-ਬੋਰਡ ਪ੍ਰੀਖਿਆ ਦੌਰਾਨ ਪੇਪਰ ਵਧੀਆ ਨਹੀਂ ਹੋਇਆ, ਜਿਸ ਕਾਰਨ ਉਸ ਨੇ ਘਬਰਾਹਟ ’ਚ ਆ ਕੇ ਪਹਿਲਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਥੋਂ ਲਾਪਤਾ ਹੋ ਗਈ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦਾ ਧੰਨਵਾਦ ਕੀਤਾ, ਜਿਨ੍ਹਾਂ ਕੁੱਝ ਘੰਟਿਆਂ ’ਚ ਹੀ ਮੁਸਤੈਦੀ ਵਰਤ ਕੇ ਕੁੜੀ ਨੂੰ ਬਰਾਮਦ ਕਰ ਲਿਆ।