ਨਾਬਾਲਿਗਾ ਨਾਲ ਜ਼ਬਰ-ਜਨਾਹ ਕਰਨ ਵਾਲਾ ਕਾਬੂ
Wednesday, Aug 07, 2019 - 08:19 PM (IST)
ਬੇਗੋਵਾਲ,(ਰਜਿੰਦਰ): 14 ਸਾਲਾ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਕਰਨ ਵਾਲੇ ਨੌਜਵਾਨ ਨੂੰ ਬੇਗੋਵਾਲ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਸੁਖਦੇਵ ਸਿੰਘ ਨੇ ਦੱਸਿਆ ਕਿ ਬੇਗੋਵਾਲ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਬਿਹਾਰ ਦੇ ਪ੍ਰਵਾਸੀ ਪਰਿਵਾਰ ਦੀ ਲੜਕੀ ਰਮੀਲਾ (ਕਾਲਪਨਿਕ ਨਾਂ) ਬੀਤੀ 5 ਅਗਸਤ ਨੂੰ ਸ਼ਾਮ ਕਰੀਬ 7-8 ਵਜੇ ਘਰੋਂ ਦਵਾਈ ਲੈਣ ਗਈ ਸੀ। ਜਿਸ ਨੂੰ ਰਸਤੇ 'ਚੋਂ ਅਰਜਨ ਯਾਦਵ ਪੁੱਤਰ ਰਾਮ ਦਿਆਲ ਯਾਦਵ ਵਾਸੀ ਬਿਹਾਰ, ਹਾਲ ਵਾਸੀ ਬੇਗੋਵਾਲ ਆਪਣੇ ਨਾਲ ਬਹਿਲਾ-ਫੁਸਲਾ ਕੇ ਇਕ ਧਾਰਮਿਕ ਅਸਥਾਨ 'ਤੇ ਲੈ ਗਿਆ ਤੇ ਹਨੇਰਾ ਹੁੰਦੇ ਹੀ ਲੜਕੀ ਨੂੰ ਆਪਣੇ ਕੁਆਰਟਰ 'ਚ ਲੈ ਗਿਆ। ਜਿਥੇ ਅਰਜਨ ਯਾਦਵ ਨੇ ਨਾਬਾਲਗ ਲੜਕੀ ਰਮੀਲਾ ਦੀ ਮਰਜ਼ੀ ਦੇ ਬਗੈਰ ਉਸ ਨਾਲ ਜਬਰ-ਜਨਾਹ ਕੀਤਾ। ਇਸੇ ਦੌਰਾਨ ਲੜਕੀ ਦੇ ਮਾਤਾ-ਪਿਤਾ 6 ਅਗਸਤ ਨੂੰ ਸਵੇਰੇ ਕਰੀਬ 6 ਵਜੇ ਰਮੀਲਾ ਦੀ ਭਾਲ ਕਰਦੇ ਹੋਏ ਅਰਜਨ ਯਾਦਵ ਦੇ ਕੁਆਰਟਰ 'ਚ ਪੁੱਜੇ। ਜਿਥੇ ਮੌਕੇ ਤੋਂ ਅਰਜਨ ਯਾਦਵ ਦੌੜ ਗਿਆ। ਇਸ ਤੋਂ ਬਾਅਦ ਮਹਿਲਾ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਵਲੋਂ ਲੜਕੀ ਦੇ ਬਿਆਨਾਂ 'ਤੇ ਅਰਜਨ ਯਾਦਵ ਪੁੱਤਰ ਰਾਮ ਦਿਆਲ ਖਿਲਾਫ ਬਲਾਤਕਾਰ ਤੇ ਪੋਸਕੋ ਐਕਟ ਦਾ ਕੇਸ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਤਫਤੀਸ਼ ਅਮਲ 'ਚ ਲਿਆਉਂਦੇ ਹੋਏ 14 ਸਾਲਾ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਉਸ ਨੂੰ ਜੱਜ ਸਾਹਿਬ ਸਾਹਮਣੇ ਪੇਸ਼ ਕਰਕੇ ਬਿਆਨ ਦਰਜ ਕਰਵਾਏ ਗਏ। ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਇਸ ਉਪਰੰਤ ਭਾਲ ਕਰਦਿਆਂ ਦੋਸ਼ੀ ਅਰਜਨ ਯਾਦਵ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।