ਨਾਬਾਲਗ ਲੜਕੀ ਨੂੰ ਅਗਵਾ ਅਤੇ ਕਤਲ ਕਰਨ ਦੇ ਮਾਮਲੇ ’ਚ ਭਗੌੜਾ ਕਾਬੂ
Monday, Oct 03, 2022 - 06:09 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਨੇ 2016 ਵਿਚ ਬਾਘਾ ਪੁਰਾਣਾ ਦੇ ਡੇਰਾ ਰਾਧਾ ਸੁਆਮੀ ਸਤਿਸੰਗ ਦੇ ਨੇੜੇ ਰਾਜਿਆਣਾ ਕੋਲੋਂ ਇਕ ਨਾਬਾਲਗ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਕੋਲੋਂ ਮਿਲੇ ਆਧਾਰ ਕਾਰਡ ਅਤੇ ਸਕੂਲ ਸਰਟੀਫਿਕੇਟਾਂ ਦੇ ਆਧਾਰ ’ਤੇ 4 ਜੁਲਾਈ 2016 ਨੂੰ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਉਕਤ ਮਾਮਲੇ ਦੇ ਭਗੌੜੇ ਦੋਸ਼ੀ ਅਜੇ ਕੁਮਾਰ ਗਿੱਲ ਨਿਵਾਸੀ ਸ਼ਾਮ ਨਗਰ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਉਕਤ ਅਗਵਾ ਅਤੇ ਹੱਤਿਆ ਮਾਮਲੇ ਵਿਚ ਦਾਰਾ ਸਿੰਘ, ਗੋਲਡੀ, ਚਰਨਜੀਤ ਸਿੰਘ ਚੰਨੀ ਸਾਰੇ ਨਿਵਾਸੀ ਬਠਿੰਡਾ ਅਤੇ ਅਜੇ ਕੁਮਾਰ ਗਿੱਲ ਨਿਵਾਸੀ ਸ਼ਾਮ ਨਗਰ ਲੁਧਿਆਣਾ ਨੂੰ ਨਾਮਜ਼ਦ ਕਰ ਕੇ ਦਾਰਾ ਸਿੰਘ, ਚਰਨਜੀਤ ਸਿੰਘ ਅਤੇ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਉਕਤ ਮਾਮਲੇ ਦਾ ਚੋਥਾ ਕਥਿਤ ਦੋਸ਼ੀ ਅਜੇ ਕੁਮਾਰ ਜੋ ਟੈਕਸੀ ਡਰਾਈਵਰ ਵਜੋਂ ਮੁਹਾਲੀ ਅਤੇ ਜਲੰਧਰ ਵਿਖੇ ਟੈਕਸੀ ਚਲਾਉਂਦਾ ਸੀ ਅਤੇ ਉਹ ਮ੍ਰਿਤਕ ਲੜਕੀ ਦਾ ਗੁਆਂਢੀ ਸੀ, ਉਹ ਮ੍ਰਿਤਕ ਲੜਕੀ ਨੂੰ ਘਰੋਂ ਭਜਾ ਕੇ ਲਿਆਇਆ ਸੀ।
ਬਾਅਦ ਵਿਚ ਉਸਨੇ ਦਾਰਾ ਸਿੰਘ ਦੇ ਘਰ ਛੱਡ ਦਿੱਤਾ, ਜਿੱਥੇ ਸਾਰੇ ਕਥਿਤ ਦੋਸ਼ੀਆਂ ਦੀ ਮਿਲੀਭੁਗਤ ਕਰਕੇ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਪਿੰਡ ਰਾਜੇਆਣਾ ਕੋਲ ਸੁੱਟ ਦਿੱਤਾ, ਉਕਤ ਮਾਮਲੇ ਵਿਚ ਅਜੇ ਕੁਮਾਰ ਦੀ ਗ੍ਰਿਫਤਾਰੀ ਨਾ ਹੋਣ ਕਾਰਣ ਮਾਣਯੋਗ ਅਦਾਲਤ ਵੱਲੋਂ ਉਸ ਨੂੰ 2 ਮਾਰਚ 2021 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਮੋਗਾ ਪੁਲਸ ਅਤੇ ਫਰੀਦਕੋਟ ਰੇਂਜ ਸਪੈਸ਼ਲ ਸੈੱਲ ਵੱਲੋਂ ਆਪਸੀ ਤਾਲਮੇਲ ਕਰ ਕੇ ਦੋਸ਼ੀ ਅਜੇ ਕੁਮਾਰ ਉਰਫ ਅਜੇ ਗਿਰ ਉਰਫ ਅਜੇ ਕੁਮਾਰ ਗਿੱਲ ਨੂੰ ਜਾ ਦਬੋਚਿਆ। ਉਕਤ ਮਾਮਲੇ ਵਿਚ ਅ/ਧ 376 ਦਾ ਵਾਧਾ ਵੀ ਕੀਤਾ ਗਿਆ ਹੈ।