ਟਰੇਨ ਦੀ ਲਪੇਟ ''ਚ ਆਉਣ ਕਾਰਨ ਨਾਬਾਲਗ ਲੜਕੇ ਦੀ ਮੌਤ
Sunday, Jun 23, 2019 - 07:55 PM (IST)

ਸ੍ਰੀ ਕੀਰਤਪੁਰ ਸਾਹਿਬ(ਬਾਲੀ)— ਅੱਜ ਦੁਪਹਿਰ ਸਮੇਂ ਲੋਹੰਡ ਪੁਲ ਪਿੰਡ ਕਲਿਆਣਪੁਰ (ਸ੍ਰੀ ਕੀਰਤਪੁਰ ਸਾਹਿਬ) ਵਿਖੇ ਇੱਕ ਨਾਬਾਲਗ ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਗੁਰਚਰਨ ਸਿੰਘ ਚੌਕੀ ਇੰਚਾਰਜ ਰੇਲਵੇ ਪੁਲਸ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਮ੍ਰਿਤਕ ਹਰਸ਼ਦੀਪ ਸਿੰਘ (17) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪੋਵਾਲਾ ਥਾਣਾ ਬਟਾਲੀ ਅੱਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਪਣੇ ਦੋ ਹੋਰ ਦੋਸਤਾਂ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕਿ ਮੱਥਾ ਟੇਕਣ ਆਏ ਹੋਏ ਸਨ।
ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਹ ਪਿੰਡ ਕਲਿਆਣਪੁਰ ਲੋਹੰਡ ਖੱਡ ਦੇ ਪੁਲ ਕੋਲ ਪੁੱਜੇ ਤਾਂ ਦਰਿਆ ਦਾ ਪਾਣੀ ਦੇਖਣ ਲਈ ਇਹ ਲੋਹੰਡ ਰੇਲਵੇ ਪੁਲ ਉਪਰ ਜਾ ਚੜ੍ਹੇ । ਇਸ ਦੌਰਾਨ ਸਹਾਰਨਪੁਰ ਤੋਂ ਨੰਗਲ ਡੈਮ ਜਾ ਰਹੀ ਰੇਲ ਗੱਡੀ ਨੰਬਰ 64511 ਭਰਤਗੜ੍ਹ ਦੀ ਸਾਈਡ ਤੋਂ ਆ ਗਈ । ਪਾਣੀ ਦੀ ਅਵਾਜ਼ ਕਾਰਨ ਇਨ੍ਹਾਂ ਨੂੰ ਗੱਡੀ ਦਾ ਪਤਾ ਨਹੀਂ ਲੱਗਾ। ਜਦੋਂ ਇਨ੍ਹਾਂ ਨੇ ਗੱਡੀ ਆਉਂਦੀ ਦੇਖੀ ਤਾਂ ਹਰਸ਼ਦੀਪ ਦੇ ਦੋ ਦੋਸਤਾਂ ਨੇ ਭੱਜ ਕਿ ਆਪਣੀ ਜਾਨ ਬਚਾ ਲਈ ਜਦਕਿ ਹਰਸ਼ਦੀਪ ਸਵਾਰੀ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਤੇ ਉਹ ਗੱਡੀ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਉਸ ਦੇ ਦੋਸਤ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਇਸ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ 'ਚ ਰੱਖਵਾ ਦਿੱਤਾ ਹੈ।