ਸ਼ੱਕ ਦੇ ਘੇਰੇ ’ਚ ਆਏ ਨਾਬਾਲਗ ਲਡ਼ਕੇ ਦੇ ਪਰਿਵਾਰ ਵਾਲਿਆਂ ਨੇ ਪੁਲਸ ’ਤੇ ਲਾਇਆ ਕੁੱਟ-ਮਾਰ ਕਰਨ ਦਾ ਦੋਸ਼
Tuesday, May 08, 2018 - 01:51 AM (IST)

ਮੋਗਾ, (ਅਾਜ਼ਾਦ)- ਪਿੰਡ ਫਤਿਹਗਡ਼੍ਹ ਪੰਜਤੂਰ ’ਚ ਸਥਿਤ ਗੁਰਦੁਆਰਾ ਸਿੰਘ ਸਭਾ ਸਾਹਿਬ (ਵੱਡਾ ਗੁਰਦੁਆਰਾ) ਦੀ ਗੋਲਕ ਦੇ ਜਿੰਦਰੇ ਤੋਡ਼ ਕੇ ਨਕਦੀ ਚੋਰੀ ਕਰਨ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸ਼ੱਕ ਦੇ ਘੇਰੇ ’ਚ ਆਏ 12 ਸਾਲਾ ਲਡ਼ਕੇ ਰਿੰਕੂ ਦੇ ਪਰਿਵਾਰ ਵਾਲਿਆਂ ਨੇ ਪੁਲਸ ’ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਲਡ਼ਕੀਆਂ ਸੋਨੀਆ (18) ਅਤੇ ਸੋਨਾ (17) ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਦਕਿ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਜਾਂਚ ਜਾਰੀ ਹੈ।
ਬੀਤੇ ਦਿਨ ਗੁਰਦੁਆਰਾ ਫਤਿਹਗਡ਼੍ਹ ਪੰਜਤੂਰ ਦੀ ਗੋਲਕ ’ਚੋਂ ਨਕਦੀ ਚੋਰੀ ਹੋ ਗਈ ਸੀ, ਜਿਸ ’ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਫਤਿਹਗਡ਼੍ਹ ਪੰਜਤੂਰ ਨੂੰ ਦਿੱਤੀ, ਜਿਸ ’ਤੇ ਥਾਣਾ ਮੁਖੀ ਕਸ਼ਮੀਰ ਸਿੰਘ ਹੋਰ ਪੁਲਸ ਕਰਮਚਾਰੀਆਂ ਸਮੇਤ ਉਥੇ ਪੁੱਜੇ ਅਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਤਾਂ ਉਸ ’ਚ ਸੁਖਜੀਤ ਸਿੰਘ (16) ਨਿਵਾਸੀ ਪਿੰਡ ਸੈਦਸ਼ਾਹ ਵਾਲਾ ਦੀ ਤਸਵੀਰ ਦਿਖਾਈ ਦਿੱਤੀ। ਉਕਤ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਅਾਧਾਰ ’ਤੇ ਪੁਲਸ ਨੇ ਸੁਖਜੀਤ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ, ਜਿਸ ਨੇ ਰਿੰਕੂ (12) ਦਾ ਨਾਮ ਲਿਆ ਅਤੇ ਕਿਹਾ ਕਿ ਚੋਰੀ ਅਸੀਂ ਮਿਲ ਕੇ ਕੀਤੀ ਹੈ। ਚੋਰੀ ਦੌਰਾਨ ਰਿੰਕੂ ਬਾਹਰ ਖਡ਼੍ਹ ਕੇ ਧਿਆਨ ਰੱਖ ਰਿਹਾ ਸੀ। ਪੁਲਸ ਵੱਲੋਂ ਉਸ ਦੇ ਬਿਆਨ ਦਰਜ ਕਰਨ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਪੇਸ਼ ਕਰਨ ਲਈ ਕਿਹਾ ਗਿਆ, ਤਾਂ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ ਪਰ ਰਿੰਕੂ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪੇਸ਼ ਨਹੀਂ ਕੀਤਾ। ਜਿਸ ’ਤੇ ਪੁਲਸ ਪਾਰਟੀ ਰਿੰਕੂ ਦੇ ਘਰ ਗਈ ਸੀ।
ਪੁਲਸ ਨੇ ਦੋਸ਼ਾਂ ਨੂੰ ਨਕਾਰਿਆ
ਥਾਣਾ ਮੁਖੀ ਕਸ਼ਮੀਰ ਸਿੰਘ ਨੇ ਕਿਹਾ ਕਿ ਸਾਨੂੰ ਗੁਰਦੁਆਰਾ ਕਮੇਟੀ ਨੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਅਸੀਂ ਰਿੰਕੂ ਕੋਲੋਂ ਪੁੱਛਗਿੱਛ ਕਰਨ ਲਈ ਪੁਲਸ ਪਾਰਟੀ ਭੇਜੀ ਸੀ, ਪਰ ਰਿੰਕੂ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਭਜਾ ਦਿੱਤਾ। ਉਨ੍ਹਾਂ ਕਿਹਾ ਕਿ ਜੋ ਪੁਲਸ ’ਤੇ ਉਹ ਦੋਸ਼ ਲਾ ਰਹੇ ਹਨ ਿਕ ਉਨ੍ਹਾਂ ਦੀਆਂ ਲਡ਼ਕੀਆਂ ਸੋਨੀਆ ਅਤੇ ਸੋਨਾ ਦੇ ਇਲਾਵਾ ਸਾਨੂੰ ਕੁੱਟ-ਮਾਰ ਕੀਤੀ ਗਈ, ਇਹ ਝੂਠ ਅਤੇ ਬੇਬਿਨਆਦ ਹਨ ਕਿਉਂਕਿ ਗੁਰਦੁਆਰਾ ਕਮੇਟੀ ਨੇ ਸਾਨੂੰ ਅਗਲੇਰੀ ਕਾਰਵਾਈ ਤੋਂ ਇਸ ਲਈ ਰੋਕਿਆ ਅਤੇ ਸਮਾਂ ਲੈ ਲਿਆ ਕਿਉਂਕਿ ਸ਼ੱਕ ਦੇ ਘੇਰੇ ’ਚ ਆਏ ਦੋਨੋਂ ਬੱਚੇ ਨਾਬਾਲਗ ਹਨ ਅਤੇ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਅਸੀਂ ਸਲਾਹ-ਮਸ਼ਵਰਾ ਕਰ ਕੇ ਹੀ ਬਿਆਨ ਦਰਜ ਕਰਵਾਵਾਂਗੇ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚੋਂ ਦੋ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਏ, ਜਿਨ੍ਹਾਂ ਨੂੰ ਅਸੀਂ ਕਬਜ਼ੇ ’ਚ ਲੈ ਲਿਆ। ਉਹ ਦਸਤਾਵੇਜ਼ ਦੀ ਜਾਂਚ ਕਰ ਰਹੇ ਹਨ, ਉਸ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਪੁਲਸ ਮੁਖੀ ਨੂੰ ਦਿੱਤਾ ਸ਼ਿਕਾਇਤ ਪੱਤਰ
ਰਿੰਕੂ ਦੇ ਪਿਤਾ ਪ੍ਰਕਾਸ਼ ਸਿੰਘ ਪੁੱਤਰ ਨੱਥੂ ਰਾਮ ਨਿਵਾਸੀ ਪਿੰਡ ਫਤਿਹਗਡ਼੍ਹ ਪੰਜਤੂਰ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਾਇਆ ਕਿ ਫਤਿਹਗਡ਼੍ਹ ਪੰਜਤੂਰ ਪੁਲਸ ਵੱਲੋਂ ਮੇਰੇ ਬੇਟੇ ਰਿੰਕੂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਿਆ ਹੋਇਆ ਹੈ ਅਤੇ ਸਾਨੂੰ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਪੁਲਸ ਵੱਲੋਂ ਸਾਡੀਆਂ ਲਡ਼ਕੀਆਂ ਦੇ ਇਲਾਵਾ ਸਾਡੀ ਕੁੱਟ-ਮਾਰ ਕੀਤੀ ਗੲੀ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਗੁਹਾਰ ਲਾਈ ਕਿ ਸਾਨੂੰ ਇਨਸਾਫ ਦਿੱਤਾ ਜਾਵੇ।