ਗ੍ਰਹਿ ਮੰਤਰਾਲੇ ਨੇ ਕਮਲ ਨਾਥ ਖਿਲਾਫ ਅਕਾਲੀ ਦਲ ਦੀ ਸ਼ਿਕਾਇਤ ਸਿਟ ਕੋਲ ਭੇਜੀ

06/19/2019 8:07:39 PM

ਚੰਡੀਗੜ੍ਹ (ਰਮਨਜੀਤ)— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ 1984 'ਚ ਹਿੰਸਕ ਭੀੜ ਦੀ ਅਗਵਾਈ ਕਰਦਿਆਂ ਵੇਖਣ ਵਾਲੇ ਚਸ਼ਮਦੀਦ ਗਵਾਹਾਂ ਦੀ ਬਿਆਨ ਰਿਕਾਰਡ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਦਿੱਤੀ ਸ਼ਿਕਾਇਤ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਭੇਜੇ ਜਾਣ ਮਗਰੋਂ ਕਾਂਗਰਸੀ ਆਗੂ ਖ਼ਿਲਾਫ ਇਨਸਾਫ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ।

ਕੱਲ ਸ਼ਾਮੀਂ ਗ੍ਰਹਿ ਸਕੱਤਰ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿਟ ਨੇ ਡੀ.ਐੱਸ.ਜੀ.ਐੱਮ.ਸੀ. ਨੂੰ ਕੱਲ ਗਵਾਹਾਂ ਦੀ ਸੂਚੀ ਅਤੇ ਬਾਕੀ ਸਬੂਤ ਦੇਣ ਵਾਸਤੇ ਸੱਦਿਆ ਹੈ। 2015 'ਚ ਐੱਨ.ਡੀ.ਏ. ਸਰਕਾਰ ਦੁਆਰਾ ਬਣਾਈ ਸਿਟ ਨੂੰ 1984 ਸਿੱਖ ਕਤਲੇਆਮ ਦੇ ਬੰਦ ਕੀਤੇ ਜਾ ਚੁੱਕੇ ਕੇਸਾਂ ਦੀ ਤਾਜ਼ਾ ਸਬੂਤਾਂ ਦੀ ਰੌਸ਼ਨੀ 'ਚ ਜਾਂਚ ਕਰਨ ਦੀਆਂ ਤਾਕਤਾਂ ਦਿੱਤੀਆਂ ਹੋਈਆਂ ਹਨ। ਬਾਦਲ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਨੇ ਇਕ ਹੋਰ ਫੈਸਲਾ ਲੈਂਦਿਆਂ ਉਹਨਾਂ ਸਾਰੇ 365 ਸਿੱਖਾਂ ਨੂੰ ਮੁਆਵਜ਼ਾ ਦੇਣ ਦਾ ਮਾਮਲਾ ਵਿਚਾਰਨ ਦਾ ਫੈਸਲਾ ਕੀਤਾ ਹੈ, ਜਿਹਨਾਂ ਨੂੰ ਆਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਦਰੋ ਚੁੱਕ ਕੇ ਜੋਧਪੁਰ ਦੀ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ। ਹੁਣ ਤਕ ਇਹਨਾਂ 'ਚੋਂ ਸਿਰਫ 40 ਸਿੱਖ ਬੰਦੀਆਂ ਨੂੰ ਹੀ ਮੁਆਵਜ਼ਾ ਦਿੱਤਾ ਗਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਉਹਨਾਂ ਸਿੱਖਾਂ ਨੂੰ ਘੱਟ ਗਿਣਤੀ ਦਾ ਰੁਤਬਾ ਦੇਣ ਦੇ ਮਾਮਲੇ ਨੂੰ ਵਿਚਾਰਨ ਦਾ ਫੈਸਲਾ ਕੀਤਾ ਹੈ, ਜਿਹਨਾਂ ਨੂੰ ਗੜਬੜ ਵਾਲੇ ਦੌਰ ਦੌਰਾਨ ਜੰਮੂ-ਕਸ਼ਮੀਰ 'ਚੋਂ ਉਜਾੜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੰਤਰਾਲੇ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਇਸ ਕੇਸ ਦੇ ਵੇਰਵੇ ਦੇਣ ਲਈ ਆਖਿਆ ਹੈ। ਉਹਨਾਂ ਦੱਸਿਆ ਕਿ ਮੰਤਰਾਲੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨ ਮਨਾਉਣ ਅਤੇ ਕਰਤਾਰ ਲਾਂਘਾ ਬਣਾਉਣ ਲਈ ਚੁੱਕੇ ਕਦਮਾਂ ਬਾਰੇ 21 ਜੂਨ ਨੂੰ ਰਸਮੀ ਜਾਣਕਾਰੀ ਦਿੱਤੀ ਜਾਵੇਗੀ। ਇਸੇ ਦੌਰਾਨ ਸਿਰਸਾ ਨੇ ਅਕਾਲੀ ਦਲ ਪ੍ਰਧਾਨ ਨੂੰ ਦੱਸਿਆ ਕਿ ਹਾਲ ਹੀ 'ਚ ਮੁਖਰਜੀ ਨਗਰ ਵਿਖੇ ਦੋ ਸਿੱਖਾਂ ਉੱਤੇ ਕੀਤੇ ਗਏ ਭਿਆਨਕ ਹਮਲੇ ਦੇ ਸਬੰਧ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਸ ਕੋਲੋਂ ਰਿਪੋਰਟ ਤਲਬ ਕੀਤੀ ਸੀ। ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਪਿਤਾ-ਪੁੱਤਰ 'ਤੇ ਤਸ਼ੱਦਦ ਢਾਹੁਣ ਵਾਲੇ ਸਾਰੇ ਪੁਲਸ ਕਰਮੀਆਂ ਖ਼ਿਲਾਫ ਧਾਰਾ 247/19 ਤਹਿਤ ਕੇਸ ਦਰਜ ਕੀਤਾ ਗਿਆ ਹੈ।


Baljit Singh

Content Editor

Related News