ਹੁਣ ਕੈਬਨਿਟ ਬੈਠਕ 'ਚ ਸੀਨੀਅਰਤਾ ਅਨੁਸਾਰ ਬੈਠਣਗੇ ਮੰਤਰੀ, CM ਮਾਨ ਦੇ ਹੁਕਮਾਂ 'ਤੇ ਸੂਚੀ ਜਾਰੀ
Monday, Jul 25, 2022 - 04:50 PM (IST)

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਆਪਣੇ ਮੰਤਰੀਆਂ ਦੀ ਸੀਨੀਅਰਤਾ ਤੈਅ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਮੰਤਰੀ ਮੰਡਲ ਦੀਆਂ ਮੀਟਿੰਗਾਂ ’ਚ ਸੀਨੀਅਰਤਾ ਦੇ ਆਧਾਰ ’ਤੇ ਮੰਤਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।ਭਗਵੰਤ ਮਾਨ ਵਲੋਂ ਆਪਣੇ ਮੰਤਰੀਆਂ ਦੀ ਸੀਨੀਅਰਤਾ ਤੈਅ ਕਰਨ ਤੋਂ ਬਾਅਦ ਹੁਣ ਮੰਤਰੀ ਸੀਨੀਅਰਤਾ ਦੇ ਹਿਸਾਬ ਨਾਲ ਕੈਬਨਿਟ ਮੀਟਿੰਗਾਂ ਵਿਚ ਬੈਠਣਗੇ। ਇਸ ਸੂਚੀ ਦੇ ਜਾਰੀ ਹੋਣ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੁੱਖ ਮੰਤਰੀ ਤੋਂ ਬਾਅਦ ਦੂਜਾ ਸਥਾਨ ਮਿਲਿਆ ਹੈ ਜਦੋਂ ਕਿ ਪੰਜਾਬ ਦੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਸੀਨੀਅਰਤਾ ਸੂਚੀ ਵਿਚ ਤੀਜੇ ਨੰਬਰ ’ਤੇ ਹਨ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਪਰਸੋਨਲ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਸਥਾਨ ’ਤੇ, ਹਰਪਾਲ ਸਿੰਘ ਚੀਮਾ ਦੂਜੇ ’ਤੇ, ਅਮਨ ਅਰੋੜਾ ਤੀਜੇ, ਡਾ. ਬਲਜੀਤ ਕੌਰ ਚੌਥੇ, ਪੰਜਵੇਂ ’ਤੇ ਗੁਰਮੀਤ ਸਿੰਘ ਮੀਤ ਹੇਅਰ, ਛੇਵੇਂ ’ਤੇ ਕੁਲਦੀਪ ਸਿੰਘ ਧਾਲੀਵਾਲ, ਸੱਤਵੇਂ ’ਤੇ ਬ੍ਰਹਮਸ਼ੰਕਰ ਜ਼ਿੰਪਾ, 8ਵੇਂ ’ਤੇ ਲਾਲਚੰਦ, ਨੌਵੇਂ ’ਤੇ ਇੰਦਰਬੀਰ ਸਿੰਘ ਨਿੱਝਰ, ਦਸਵੇਂ ’ਤੇ ਲਾਲਜੀਤ ਸਿੰਘ ਭੁੱਲਰ, 11ਵੇਂ ’ਤੇ ਹਰਜੋਤ ਸਿੰਘ ਬੈਂਸ, 12ਵੇਂ ’ਤੇ ਹਰਭਜਨ ਸਿੰਘ, 13ਵੇਂ ’ਤੇ ਫੌਜਾ ਸਿੰਘ, 14ਵੇਂ 'ਤੇ ਚੇਤਨ ਸਿੰਘ ਜੌੜਾਮਾਜਰਾ ਅਤੇ 15ਵੇਂ ਸਥਾਨ ’ਤੇ ਅਨਮੋਲ ਗਗਨ ਮਾਨ ਹੋਣਗੇ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਸੂਬੇ ’ਚ ਮੰਤਰੀਆਂ ਦੀ ਸੀਨੀਆਰਤਾ ਤੈਅ ਨਾ ਹੋਣ ਕਾਰਨ ਮੰਤਰੀ ਮੰਡਲ ਦੀਆਂ ਮੀਟਿੰਗਾਂ ’ਚ ਮੰਤਰੀਆਂ ਨੂੰ ਅੱਗੇ-ਪਿੱਛੇ ਬੈਠਣਾ ਪੈਂਦਾ ਸੀ। ਕਈ ਵਾਰ ਸੀਨੀਅਰ ਮੰਤਰੀਆਂ ਨੂੰ ਪਿਛਲੇ ਪਾਸੇ ਬੈਠਣ ਦਾ ਮੌਕਾ ਮਿਲਦਾ ਸੀ, ਹੁਣ ਸੀਨੀਅਰਤਾ ਤੈਅ ਹੋਣ ਤੋਂ ਬਾਅਦ ਅਧਿਕਾਰੀਆਂ ਵਲੋਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਉਨ੍ਹਾਂ ਦੀ ਸੀਨੀਅਰਤਾ ਦੇ ਆਧਾਰ ’ਤੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਲਹਿਰਾਗਾਗਾ ਵਿਖੇ ਖੇਤਾਂ 'ਚ ਕੰਮ ਕਰਦੇ ਦੋ ਸਕੇ ਭਰਾਵਾਂ ਨੂੰ ਮੌਤ ਨੇ ਪਾਇਆ ਘੇਰਾ, ਘਰ 'ਚ ਵਿਛੇ ਸੱਥਰ
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।