ਰੇਤ ਖੱਡ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਮੀਤ ਹੇਅਰ, ਕਿਹਾ-"ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖ਼ਤਮ ਕੀਤੇ"

Wednesday, Feb 08, 2023 - 08:49 PM (IST)

ਰੇਤ ਖੱਡ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਮੀਤ ਹੇਅਰ, ਕਿਹਾ-"ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖ਼ਤਮ ਕੀਤੇ"

ਚੰਡੀਗੜ੍ਹ/ਨਵਾਂਸ਼ਹਿਰ : ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਨਵਾਂਸ਼ਹਿਰ ਵਿਖੇ ਖੋਜਾ ਪਿੰਡ ਵਿਖੇ ਜਨਤਕ ਰੇਤ ਖੱਡ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦੇ ਦਿਨ ਖ਼ਤਮ ਕਰ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖੱਡਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਕੇ ਦਰਸ਼ਾ ਦਿੱਤਾ ਹੈ ਕਿ ਸਰਕਾਰ ਲਈ ਪ੍ਰਸ਼ਾਸਨ ’ਚ ਪਾਰਦਰਸ਼ਤਾ ਤੇ ਜਨਤਕ ਹਿੱਤਾਂ ਨਾਲ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਾਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਰੇਤ ਦੇ ਮਾਲੀਏ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤ ਹਨ।

ਇਹ ਵੀ ਪੜ੍ਹੋ : ਮੰਤਰੀ ਜਿੰਪਾ ਵੱਲੋਂ ‘ਭੰਗੀ ਚੋਅ’ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ, ਸ਼ਹਿਰ ਵਾਸੀਆਂ ਨੂੰ ਕੀਤੀ ਇਹ ਅਪੀਲ

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖੱਡਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ’ਚ ਹੋਈ ਆਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖੱਡਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖੱਡਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਖਣਨ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁੱਛੇ ਗਏ ਸਵਾਲ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਚਲਾਉਣ ਲਈ ਲੋੜੀਂਦੀਆਂ ਅਥਾਰਟੀਆਂ ਪਾਸੋਂ ‘ਕਲੀਅਰੈਂਸ’ ਲਈਆਂ ਗਈਆਂ ਹਨ, ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਵਿਸ਼ੇਸ਼ ਹਦਾਇਤ ਕੀਤੀ ਗਈ ਸੀ, ਜਿਸ ਤਹਿਤ ਮਾਣਯੋਗ ਉੱਚ ਅਦਾਲਤ ਅਤੇ ਸਟੇਟ ਇੰਨਵਾਰਿਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਸੀਆ) ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਹੀ ਇਹ ਖੱਡਾਂ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।

PunjabKesari

ਖੋਜਾ ਵਿਖੇ ਰੇਤ ਲੈਣ ਆਏ ਲੋਕਾਂ ਅਤੇ ਰੇਤ ਦੀ ਭਰਾਈ ਕਰਨ ਵਾਲੀ ਲੇਬਰ ਨਾਲ ਦਰਿਆ ਦੇ ਪਾਣੀ ’ਚੋਂ ਨੰਗੇ ਪੈਰੀਂ ਲੰਘ ਕੇ ਗੱਲਬਾਤ ਕਰਨ ਪੁੱਜੇ ਖਣਨ ਮੰਤਰੀ ਮੀਤ ਹੇਅਰ ਨੇ ਜਿੱਥੇ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਬਾਰੇ ਪੁੱਛਿਆ ਉੱਥੇ ਉਨ੍ਹਾਂ ਦਾ ਫ਼ੀਡ ਬੈਕ ਵੀ ਲਿਆ। ਰੇਤ ਲੈਣ ਆਏ ਲੋਕ ਅਤੇ ਰੇਤ ਭਰਨ ਵਾਲੀ ਲੇਬਰ ਨੇ ਇਸ ਮੌਕੇ ਆਖਿਆ ਕਿ ਪੰਜਾਬ ’ਚ ਲਗਭਗ 15 ਸਾਲ ਬਾਅਦ ਪੁਰਾਣੇ ਸਮੇਂ ਵਾਂਗ ਖੁੱਲ੍ਹੀ ਰੇਤ ਮਿਲਣ ਲੱਗੀ ਹੈ। ਟ੍ਰੈਕਟਰਾਂ-ਟਰਾਲੀਆਂ ਨਾਲ ਢੁਆਈ ਕਰਨ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਰੇਤ ਦੀ ਭਰਾਈ ਦਾ ਕੰਮ ਪਹਿਲਾਂ ਮਸ਼ੀਨਾਂ ਅਤੇ ਢੋਆਈ ਦਾ ਕੰਮ ਵੱਡੇ ਕਮਰਸ਼ੀਅਲ ਵਾਹਨਾਂ ਤੱਕ ਹੀ ਸੀਮਿਤ ਰਹਿ ਜਾਣ ਕਾਰਨ, ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਖੁਸ ਗਿਆ ਸੀ ਪਰ ਹੁਣ ਅਜਿਹਾ ਨਹੀਂ।

ਇਹ ਵੀ ਪੜ੍ਹੋ : ਤਰੁਣ ਚੁੱਘ ਦਾ ਕਾਂਗਰਸ 'ਤੇ ਤਿੱਖਾ ਹਮਲਾ, ਕਿਹਾ-"ਰਾਹੁਲ ਗਾਂਧੀ ਵੱਲੋਂ ਸੰਸਦ 'ਚ ਦਿੱਤਾ ਭਾਸ਼ਣ ਝੂਠ ਤੇ ਤੱਥਹੀਣ"

ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਰੇਤ ਖੱਡਾਂ ਸ਼ੁਰੂ ਕਰਨ ਦਾ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਸਾਈਟਾਂ ਦਾ ਜਾਇਜ਼ਾ ਲੈਣ ਦਾ ਮੰਤਵ ਅਗਲੇ ਦਿਨਾਂ ’ਚ ਖੋਲ੍ਹੀਆਂ ਜਾਣ ਵਾਲੀਆਂ ਹੋਰ ਜਨਤਕ ਖਾਣਾਂ ਦੇ ਕੰਮ ’ਚ ਤੇਜ਼ੀ ਲਿਆਉਣਾ ਹੈ। ਪਹਿਲ ਉਨ੍ਹਾਂ ਥਾਵਾਂ ਨੂੰ ਦਿੱਤੀ ਜਾ ਰਹੀ ਹੈ, ਜਿੱਥੇ ਜਨਤਕ ਖੱਡ ਨੂੰ ਮੇਨ ਰਸਤੇ ਨੇੜੇ ਲੱਗਦੇ ਹੋਣ, ਖੱਡ ਤੱਕ ਜਾਣ ਵਾਲਾ ਰਸਤਾ ਲਗਭਗ ਸਰਕਾਰੀ ਹੋਵੇ, ਪ੍ਰਾਈਵੇਟ ਰਸਤੇ ਦੀ ਵਰਤੋਂ ਹੋਣ ’ਤੇ ਕੋਈ ਵਸੂਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਹੋਰ ਜਨਤਕ ਰੇਤ ਖੱਡਾਂ ਖੁੱਲ੍ਹਣ ਨਾਲ ਕਿਸੇ ਵੀ ਲੋੜਵੰਦ ਨੂੰ ਸਿਰ ਦੀ ਛੱਤ ਪਾਉਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਸਰਕਾਰ ਦੀ ਕੋਸ਼ਿਸ਼ ਇਹ ਰਹੇਗੀ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਰੇਤ ਖਾਣਾਂ ਨਹੀਂ ਹਨ, ਉਹ ਜ਼ਿਲ੍ਹੇ ਨਾਲ ਦੇ ਜ਼ਿਲ੍ਹੇ ’ਚ ਖੁੱਲ੍ਹੀਆਂ ਜਨਤਕ ਰੇਤ ਖੱਡਾਂ ਤੋਂ ਆਪਣੀ ਲੋੜ ਮੁਤਾਬਕ ਰੇਤਾ ਲੈ ਸਕਣ।

PunjabKesari

ਇਸ ਮੌਕੇ ਮੌਜੂਦ ਡਾਇਰੈਕਟਰ ਖਣਨ ਤੇ ਭੂ-ਵਿਗਿਆਨ ਦਵਿੰਦਰ ਪਾਲ ਸਿੰਘ ਖਰਬੰਦਾ ਨੇ ਖਣਨ ਮੰਤਰੀ ਨੂੰ ਦੱਸਿਆ ਕਿ ਜਨਤਕ ਰੇਤ ਖੱਡਾਂ ’ਚ ਪਾਰਦਰਸ਼ਤਾ ਰੱਖਣ ਲਈ ਅਤੇ ਨਾਜਾਇਜ਼ ਮਾਈਨਿੰਗ ਦੀ ਚੈਕਿੰਗ ਲਈ ਖਰੀਦਣ ਵਾਲੇ ਦੇ ਮੋਬਾਇਲ ’ਤੇ ‘ਕਿਊ ਆਰ ਕੋਡ’ ਭੇਜਿਆ ਜਾਵੇਗਾ, ਜਿਸ ਵਿੱਚ ਰੇਤ ਖੱਡ ਦਾ ਨਾਮ, ਅਦਾਇਗੀ, ਤਰੀਕ ਅਤੇ ਰੇਤ ਦੀ ਪਰਚੀ ਦੀ ਮਿਆਦ ਨਾਲ ਸਬੰਧਤ ਜਾਣਕਾਰੀ ਸਕੈਨ ਕਰਕੇ ਦੇਖੀ ਜਾ ਸਕੇਗੀ। ਇਸ ਮੌਕੇ ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਖਣਨ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਜਨਤਕ ਰੇਤ ਖੱਡਾਂ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਸਸਤਾ ਰੇਤਾ ਤਾਂ ਮਿਲਿਆ ਹੀ ਹੈ, ਨਾਲ ਹੀ ਸੈਂਕੜੇ ਘਰਾਂ ਨੂੰ ਭਰਾਈ ਅਤੇ ਟ੍ਰੈਕਟਰ ਢੋਆ-ਢੁਆਈ ਰਾਹੀਂ ਰੋਜ਼ਗਾਰ ਵੀ ਮਿਲਿਆ ਹੈ।


author

Mandeep Singh

Content Editor

Related News