ਲੋਕਾਂ ਦੇ ਮਸਲੇ ਹੱਲ ਨਾ ਕਰਨ ਵਾਲੇ ਅਧਿਕਾਰੀਆਂ ''ਤੇ ਵਰ੍ਹੇ ਮੰਤਰੀ ਧਾਲੀਵਾਲ

Friday, Dec 02, 2022 - 10:45 AM (IST)

ਲੋਕਾਂ ਦੇ ਮਸਲੇ ਹੱਲ ਨਾ ਕਰਨ ਵਾਲੇ ਅਧਿਕਾਰੀਆਂ ''ਤੇ ਵਰ੍ਹੇ ਮੰਤਰੀ ਧਾਲੀਵਾਲ

ਜਲੰਧਰ (ਧਵਨ)-ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੋਕਾਂ ਦੇ ਮਸਲੇ ਹੱਲ ਨਾ ਕਰਨ ਵਾਲੇ ਅਧਿਕਾਰੀਆਂ ’ਤੇ ਜ਼ੋਰਦਾਰ ਢੰਗ ਨਾਲ ਵਰ੍ਹੇ। ਉਹ ਸੋਸ਼ਲ ਮੀਡੀਆ ’ਤੇ ਲਾਈਵ ਸੈਸ਼ਨ ਵਿਚ ਜਨਤਾ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ, ਜਿਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਮਾਲਵਾ ਖੇਤਰ ’ਚ ਖ਼ਾਸ ਤੌਰ ’ਤੇ ਪੰਚਾਇਤੀ ਅਧਿਕਾਰੀਆਂ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਅਧਿਕਾਰੀ ਕਾਰਵਾਈ ਨਹੀਂ ਕਰ ਰਹੇ।

ਧਾਲੀਵਾਲ ਨੇ ਕਿਹਾ ਕਿ ਜਨਤਾ ਦੀਆਂ ਸ਼ਿਕਾਇਤਾਂ ਵੱਲ ਧਿਆਨ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਉਹ ਹਰ ਮੰਗਲਵਾਰ ਸਵੇਰੇ 10.30 ਤੋਂ ਸ਼ਾਮ 4 ਵਜੇ ਤਕ ਪੰਚਾਇਤੀ ਰਾਜ ਦਫ਼ਤਰ ਮੋਹਾਲੀ ’ਚ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਉਨ੍ਹਾਂ ਕਿਹਾ ਕਿ ਲੋਕ ਰੋਜ਼ਾਨਾ ਚੰਡੀਗੜ੍ਹ ਆ ਜਾਂਦੇ ਸਨ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਅਜਨਾਲਾ ’ਚ ਪਹੁੰਚ ਜਾਂਦੇ ਸਨ। ਉਹ ਲੋਕਾਂ ਨੂੰ ਲੋੜੀਂਦਾ ਸਮਾਂ ਨਹੀਂ ਦੇ ਸਕੇ ਕਿਉਂਕਿ ਉਨ੍ਹਾਂ ਚੰਡੀਗੜ੍ਹ ਵਿਚ ਆਪਣੇ ਵਿਭਾਗਾਂ ਦਾ ਕੰਮ ਵੀ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਸ਼ਨੀਵਾਰ ਅਤੇ ਐਤਵਾਰ ਨੂੰ ਉਨ੍ਹਾਂ ਆਪਣੇ ਅਜਨਾਲਾ ਹਲਕੇ ਦੇ ਵੋਟਰਾਂ ਦੇ ਕੰਮ ਕਰਨੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ।

ਸੰਗਰੂਰ ਤੋਂ ਸਰਪੰਚ ਜੱਗੀ ਨੇ ਧਾਲੀਵਾਲ ਨੂੰ ਦੱਸਿਆ ਕਿ ਪੰਚਾਇਤ ਅਧਿਕਾਰੀਆਂ ਵੱਲੋਂ ਜ਼ਮੀਨ ਦਾ ਮਸਲਾ ਅਜੇ ਤਕ ਹੱਲ ਨਹੀਂ ਕੀਤਾ ਗਿਆ। ਧਾਲੀਵਾਲ ਨੇ ਡੀ. ਡੀ. ਪੀ. ਓ. ਨੂੰ ਕਿਹਾ ਕਿ ਉਹ ਦਸੰਬਰ ਮਹੀਨੇ ਵਿਚ ਹੀ ਜ਼ਮੀਨ ਦਾ ਕਬਜ਼ਾ ਲੈ ਕੇ ਪੰਚਾਇਤ ਦੇ ਹਵਾਲੇ ਕਰੇ। ਪਿੰਡ ਚੋਟੀਆਂ ਦੇ ਸੁਖਵਿੰਦਰ ਸਿੰਘ ਨੇ ਇਕ ਸਰਪੰਚ ਖ਼ਿਲਾਫ਼ ਸ਼ਿਕਾਇਤ ਕੀਤੀ, ਜਿਸ ’ਤੇ ਧਾਲੀਵਾਲ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਾਉਕੇ ਲਹਿਰਾ ਬਲਾਕ ਦੇ ਮਨਪ੍ਰੀਤ ਸਿੰਘ ਨੇ ਨਹਿਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕੀਤੀ, ਜਿਸ ’ਤੇ ਕੈਬਨਿਟ ਮੰਤਰੀ ਨੇ ਪੰਚਾਇਤੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨੂੰ ਤੁਰੰਤ ਛੁਡਾਇਆ ਜਾਵੇ। ਲਹਿਰਾ ਬਲਾਕ ਦੇ ਹੀ ਸੁਖਵਿੰਦਰ ਸਿੰਘ ਨੇ ਇਕ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ, ਜਿਸ ’ਤੇ ਉਨ੍ਹਾਂ ਕਿਹਾ ਕਿ ਸਾਰੇ ਭ੍ਰਿਸ਼ਟ ਅਨਸਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਸਰਕਾਰ ਨੂੰ ਲਿਖਤੀ ਰਿਪੋਰਟ ਭੇਜੀ ਜਾਵੇ।

ਲਹਿਰਾ ਬਲਾਕ ਦੇ ਪ੍ਰਦੀਪ ਕੁਮਾਰ ਨੇ ਵੀ ਸੋਸ਼ਲ ਮੀਡੀਆ ’ਤੇ ਆਪਣੀ ਸ਼ਿਕਾਇਤ ਧਾਲੀਵਾਲ ਨੂੰ ਭੇਜੀ, ਜਿਸ ’ਤੇ ਉਨ੍ਹਾਂ ਪੰਚਾਇਤੀ ਅਧਿਕਾਰੀਆਂ ਨੂੰ ਉਨ੍ਹਾਂ ਦਾ ਮਸਲਾ ਤੁਰੰਤ ਹੱਲ ਕਰਨ ਦੀ ਹਦਾਇਤ ਕੀਤੀ। ਰਈਆ, ਬਾਬਾ ਬਕਾਲਾ ਦੇ ਦਿਲਾਵਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪੰਚਾਇਤੀ ਅਧਿਕਾਰੀਆਂ ਤੋਂ ਇਨਸਾਫ਼ ਨਹੀਂ ਮਿਲ ਰਿਹਾ। ਧਾਲੀਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਦਿਲਾਵਰ ਸਿੰਘ ਦਾ ਮਸਲਾ ਤੁਰੰਤ ਹੱਲ ਹੋਣਾ ਚਾਹੀਦਾ ਹੈ। ਫਾਜ਼ਿਲਕਾ ਤੋਂ ਆਏ ਸੋਨੂੰ ਸ਼ਰਮਾ ਨੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਲੀਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ।


author

shivani attri

Content Editor

Related News