ਕਣਕ ਦੀ ਖਰੀਦ ਸਬੰਧੀ ਬੋਲੇ ਮੰਤਰੀ ਕਟਾਰੂਚੱਕ, ‘ਵ੍ਹੀਕਲ ਟ੍ਰੈਕਿੰਗ ਸਿਸਟਮ ਸਫ਼ਲਤਾਪੂਰਵਕ ਕੀਤਾ ਗਿਆ ਲਾਗੂ’
Sunday, Apr 23, 2023 - 08:09 PM (IST)
ਚੰਡੀਗੜ੍ਹ (ਬਿਊਰੋ) : ਕਣਕ ਦੀ ਖਰੀਦ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ- ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਵ੍ਹੀਕਲ ਟ੍ਰੈਕਿੰਗ ਸਿਸਟਮ (ਵੀ. ਟੀ. ਐੱਸ.) ਲਾਗੂ ਕੀਤਾ ਗਿਆ ਹੈ। ਹੁਣ ਤੱਕ, 26,250 ਟਰਾਂਸਪੋਰਟ ਵਾਹਨਾਂ ਵਿਚ ਜੀ. ਪੀ. ਐੱਸ. ਯੰਤਰ ਲਗਾਏ ਗਏ ਹਨ, ਜੋ ਮੰਡੀ ਤੋਂ ਗੋਦਾਮਾਂ ਤੱਕ ਵਾਹਨਾਂ ਦੀ ਆਵਾਜਾਈ ਨੂੰ ਟਰੈਕ ਕਰਨ ਵਿਚ ਮਦਦ ਕਰਦੇ ਹਨ। ਵੀ.ਟੀ.ਐੱਸ. ਰਾਹੀਂ 95,421 ਤੋਂ ਵੱਧ ਆਨਲਾਈਨ ਗੇਟ ਪਾਸ ਜਾਰੀ ਕੀਤੇ ਗਏ ਹਨ ਅਤੇ ਮੈਨੂਅਲ ਪਾਸਾਂ ਨੂੰ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਚ ਅਨਾਜ ਦੀ ਖਰੀਦ ਸਬੰਧੀ ਕਾਰਜਾਂ ਲਈ ਵੀ. ਟੀ. ਐੱਸ. ਨੂੰ ਲਾਗੂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਹੈਲੀਕਾਪਟਰ ਦੀ ਲਪੇਟ ’ਚ ਆਉਣ ਨਾਲ ਉੱਤਰਾਖੰਡ ਦੇ ਸਰਕਾਰੀ ਅਧਿਕਾਰੀ ਦੀ ਮੌਤ
ਇਸ ਨਾਲ ਵਿਭਾਗ ਨੂੰ ਟਰੱਕਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ 'ਚ ਮਦਦ ਮਿਲ ਰਹੀ ਹੈ ਤਾਂ ਜੋ ਕਣਕ ਸਬੰਧੀ ਘਪਲੇਬਾਜ਼ੀ, ਰੀਸਾਈਕਲਿੰਗ ਅਤੇ ਦੂਜੇ ਸੂਬਿਆਂ ਤੋਂ ਨਾਜਾਇਜ਼ ਤੌਰ ਉੱਤੇ ਕਣਕ ਲਿਆਉਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵਾਹਨਾਂ ਦੀ ਸਰਵੋਤਮ ਵਰਤੋਂ ਵਿਚ ਮਦਦ ਕਰਦਾ ਹੈ ਕਿਉਂਕਿ ਇਹ ਅਧਿਕਾਰੀਆਂ ਨੂੰ ਟਰੱਕਾਂ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਨਿਗਰਾਨੀ ਕਰਨ ਵਿਚ ਮਦਦ ਕਰਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਣਾਲੀ ਜਾਅਲੀ ਖਰੀਦ ਨੂੰ ਖਤਮ ਕਰਨ ਵਿਚ ਮਦਦ ਕਰੇਗੀ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਦੂਜੇ ਰਾਜਾਂ ਤੋਂ ਝੋਨੇ ਦੀ ਰੀਸਾਈਕਲਿੰਗ ਨੂੰ ਰੋਕਣ ਲਈ ਵੀ ਬਹੁਤ ਲਾਹੇਵੰਦ ਹੋਵੇਗੀ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਭਾਗ ਵੱਲੋਂ ਹਰ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ 'ਤੇ ਪਹਿਲੀ ਵਾਰ ਚਾਰ ਖਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਪੀ. ਐੱਸ. ਡਬਲਿਊ. ਸੀ. ਅਤੇ ਪਨਸਪ ਦੇ ਸਾਰੇ ਦਾਗੀ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਕਣਕ ਦੀ ਸਟੋਰੇਜ ਲਈ ਕੋਈ ਡਿਊਟੀ ਦੇਣ ਤੋਂ ਮਨਾਹੀ ਕੀਤੀ ਗਈ ਹੈ।
ਇਹ ਉਹ ਅਧਿਕਾਰੀ ਹਨ, ਜਿਨ੍ਹਾਂ ਵਿਰੁੱਧ ਕਣਕ ਜਾਂ ਝੋਨੇ ਦੀ ਖਰੀਦ/ਸਟੋਰੇਜ ਵਿਚ ਹੋਏ ਨੁਕਸਾਨ ਦੀ ਵਸੂਲੀ ਲਈ ਆਦੇਸ਼ ਦਿੱਤੇ ਗਏ ਹਨ ਜਾਂ ਵਿਚਾਰ ਅਧੀਨ ਹਨ। ਮੰਡੀਆਂ 'ਚ ਕਣਕ ਦੀ ਖਰੀਦ 'ਤੇ ਟਿੱਪਣੀ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬੇ 'ਚ ਪਿਛਲੇ ਇਕ ਹਫਤੇ ਤੋਂ ਸਭ ਤੋਂ ਵੱਧ ਆਮਦ ਦੇਖਣ ਨੂੰ ਮਿਲ ਰਹੀ ਹੈ ਅਤੇ ਲੱਗਭਗ 10 ਦਿਨਾਂ ਦੇ ਬਹੁਤ ਘੱਟ ਸਮੇਂ 'ਚ 60 ਫੀਸਦੀ ਤੋਂ ਵੱਧ ਕਣਕ ਮੰਡੀਆਂ 'ਚ ਆ ਚੁੱਕੀ ਹੈ। ਸਰਕਾਰ ਨੇ ਇਸ ਚੁਣੌਤੀ ਦਾ ਸਾਹਮਣਾ ਕਰਦਿਆਂ ਕਣਕ ਦੀ ਸੁਚੱਜੀ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਅਤੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੂਰੀ ਰਕਮ ਦਾ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼ਨੀਵਾਰ ਸ਼ਾਮ ਤੱਕ ਲਗਭਗ 3.54 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕੀਤੀ ਗਈ ਹੈ। ਮੰਡੀਆਂ ਵਿਚੋਂ ਲਿਫਟਿੰਗ ਦੀ ਪ੍ਰਕਿਰਿਆ ਬਾਰੇ ਮੰਤਰੀ ਨੇ ਕਿਹਾ ਕਿ ਐੱਫ. ਸੀ. ਆਈ. ਵੱਲੋਂ ਥੋੜ੍ਹੇ ਸਮੇਂ ਲਈ ਕਣਕ ਨੂੰ ਖੁੱਲ੍ਹੇ ਗੋਦਾਮਾਂ ’ਚ ਸਟੋਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਕੱਲ੍ਹ ਇਕ ਦਿਨ ’ਚ ਮੰਡੀਆਂ ਵਿਚੋਂ 4 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਲਿਫਟਿੰਗ ਕੀਤੀ ਗਈ ਹੈ। ਇਸ ਲਈ ਲਿਫਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਰਹੇਗੀ। ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰੇਕ ਕਿਸਾਨ ਨੂੰ ਬਿਨਾਂ ਕਿਸੇ ਕਟੌਤੀ ਤੋਂ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।