ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੱਤਰਕਾਰਾਂ ਲਈ ਆਨਲਾਈਨ ਐਕਰੀਡੇਸ਼ਨ ਪੋਰਟਲ ਜਾਰੀ

Thursday, Aug 03, 2023 - 03:27 PM (IST)

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੱਤਰਕਾਰਾਂ ਲਈ ਆਨਲਾਈਨ ਐਕਰੀਡੇਸ਼ਨ ਪੋਰਟਲ ਜਾਰੀ

ਚੰਡੀਗੜ੍ਹ- ਸੁਖਾਲੀ ਅਤੇ ਪਾਰਦਰਸ਼ੀ ਪ੍ਰਕਿਰਿਆ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਵਧਾਉਂਦਿਆਂ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਲਈ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ। ਇਹ ਪੋਰਟਲ ਪੱਤਰਕਾਰਾਂ ਨੂੰ ਮਾਨਤਾ ਹਾਸਲ ਕਰਨ ਸਬੰਧੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਇਸ ਪੋਰਟਲ ਨੂੰ ਐੱਨ.ਆਈ.ਸੀ. ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ।

ਪੋਰਟਲ ਨੂੰ ਲਾਂਚ ਕਰਨ ਉਪਰੰਤ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਤੇ ਐੱਨ.ਆਈ.ਸੀ. ਪੰਜਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸੂਬੇ ਵਿੱਚ ਪੱਤਰਕਾਰੀ ਲਈ ਅਨੁਕੂਲ ਮਾਹੌਲ ਪੈਦਾ ਕਰਨ ਦੀ ਵਚਨਬੱਧਤਾ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੈਸ ਨੂੰ ਆਜ਼ਾਦਾਨਾ ਮਾਹੌਲ ਦੇਣ ਅਤੇ ਨਿਰਪੱਖ ਤੇ ਜ਼ਿੰਮੇਵਾਰ ਪ੍ਰੈਸ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ- UK 'ਚ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਜਾਣੋ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ਤਾ ਦੀ ਨੀਤੀ ਨੂੰ ਪੱਤਰਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸੇਵਾਵਾਂ ਵਿੱਚ ਵੀ ਲਾਗੂ ਕਰਨ ਦੀ ਦਿਸ਼ਾ ਵਿੱਚ ਇਹ ਕਦਮ ਪੁੱਟਿਆ ਗਿਆ ਹੈ ਤਾਂ ਜੋ ਪੱਤਰਕਾਰਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਸੇਵਾਵਾਂ ਹਾਸਲ ਕਰਨ ਸਮੇਂ ਪਾਰਦਰਸ਼ਤਾ, ਜਵਾਬਦੇਹੀ ਅਤੇ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪੋਰਟਲ ਸੁਚਾਰੂ ਢੰਗ ਨਾਲ ਤਕਨਾਲੋਜੀ ਦੇ ਇਸਤੇਮਾਲ ਜ਼ਰੀਏ ਪੱਤਰਕਾਰਾਂ ਨੂੰ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸਰਲ ਬਣਾਉਣ ਤੋਂ ਇਲਾਵਾ ਯਕੀਨੀ ਬਣਾਏਗਾ ਕਿ ਪੱਤਰਕਾਰਾਂ ਨੂੰ ਕੋਈ ਗ਼ੈਰ-ਜ਼ਰੂਰੀ ਪ੍ਰਸ਼ਾਸਕੀ ਅੜਚਣ ਨਾ ਆਵੇ ਅਤੇ ਉਹ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰ ਸਕਣ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਅਤਿ-ਆਧੁਨਿਕ ਪੋਰਟਲ ਦੀ ਸ਼ੁਰੂਆਤ ਨਾਲ ਮਾਨਤਾ ਪ੍ਰਾਪਤ ਕਰਨ ਦੇ ਇਛੁੱਕ ਪੱਤਰਕਾਰ ਵਧੇਰੇ ਸੁਖਾਲੇ ਢੰਗ ਨਾਲ ਆਪਣੀ ਅਰਜ਼ੀ ਦੇ ਸਕਣਗੇ ਅਤੇ ਨਾਲ ਹੀ ਇਸ ਪਲੇਟਫਾਰਮ ਰਾਹੀਂ ਉਹ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਂਦੇ ਹੋਏ ਆਪਣੇ ਵੇਰਵਿਆਂ ਦੀ ਪੁਸ਼ਟੀ ਕਰ ਸਕਣਗੇ ਜਿਸ ਸਦਕਾ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਨਿਰਧਾਰਤ ਸਮੇਂ ਅੰਦਰ ਉਹ ਮਾਨਤਾ ਪ੍ਰਾਪਤ ਕਰ ਸਕਣਗੇ।

ਇਹ ਵੀ ਪੜ੍ਹੋ- 20 ਸਾਲ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਬਜ਼ੁਰਗ

ਇਸ ਮੌਕੇ ਓ.ਐਸ.ਡੀ./ਮੁੱਖ ਮੰਤਰੀ ਮੀਡੀਆ ਪੰਜਾਬ ਸ੍ਰੀ ਆਦਿਲ ਆਜ਼ਮੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਪੱਤਰਕਾਰਾਂ ਨਾਲ ਸਬੰਧਤ ਸਾਰੇ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣ ਜਿਸ ਦੇ ਸਿੱਟੇ ਵਜੋਂ ਪੱਤਰਕਾਰਾਂ ਲਈ ਅੱਜ ਇਹ ਨਵਾਂ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਦੀ ਸਰਕਾਰ ਦਾ ਇਹ ਉਪਰਾਲਾ ਪੱਤਰਕਾਰਾਂ ਲਈ ਮੀਲ ਪੱਥਰ ਸਾਬਤ ਹੋਵੇਗਾ।

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਇਹ ਆਨਲਾਈਨ ਐਕਰੀਡੇਸ਼ਨ ਪਲੇਟਫਾਰਮ ਪੱਤਰਕਾਰਾਂ ਨੂੰ ਮਾਨਤਾ ਲੈਣ ਸਬੰਧੀ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਾਉਣ ਦੀ ਸਹੂਲਤ ਪ੍ਰਦਾਨ ਕਰੇਗਾ ਜਿਸ ਨਾਲ ਮਾਨਤਾ ਲੈਣ ਸਬੰਧੀ ਲੰਮੀ ਕਾਗ਼ਜ਼ੀ ਕਾਰਵਾਈ ਅਤੇ ਦੇਰੀ ਦੀ ਪ੍ਰਕਿਰਿਆ ਹੁਣ ਬੀਤੇ ਦੀ ਗੱਲ ਹੋ ਜਾਵੇਗੀ। ਹੁਣ ਸਿਰਫ਼ ਕੁਝ ਕਲਿੱਕਾਂ ਨਾਲ ਪੱਤਰਕਾਰ, ਮਾਨਤਾ ਹਾਸਲ ਕਰਨ ਸਬੰਧੀ ਆਪਣੀ ਨਿੱਜੀ ਜਾਣਕਾਰੀ, ਮੀਡੀਆ ਅਦਾਰੇ ਦੇ ਵੇਰਵੇ ਅਤੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਸਕਣਗੇ।

ਇਹ ਵੀ ਪੜ੍ਹੋ- ਸੇਵਾਮੁਕਤ ਸਬ-ਇੰਸਪੈਕਟਰ ਦੇ ਘਰ ਵਿਛੇ ਸੱਥਰ, ਪਤਨੀ ਨੂੰ ਇਸ ਹਾਲ 'ਚ ਵੇਖ ਰਹਿ ਗਿਆ ਹੱਕਾ-ਬੱਕਾ

ਜੱਗੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਕਾਰਗਰ ਅਤੇ ਸੁਖਾਲਾ ਬਣਾਉਣ ਲਈ ਨਵੀਂ ਪ੍ਰਣਾਲੀ ਵਿੱਚ ਵੱਖ-ਵੱਖ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਵੇਂ ਕਿ ਇਸ ਪਲੇਟਫਾਰਮ ਜ਼ਰੀਏ ਪੱਤਰਕਾਰ ਆਪਣੇ ਕੰਮ ਕਰਨ ਵਾਲੀ ਥਾਂ (ਚਾਹੇ ਉਹ ਜ਼ਿਲ੍ਹਾ ਜਾਂ ਰਾਜ ਪੱਧਰ 'ਤੇ ਹੋਵੇ) ਤੋਂ ਹੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਅਹਿਮ ਪਹਿਲਕਦਮੀ ਦਾ ਉਦੇਸ਼ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਚਾਰੂ ਬਣਾਉਣਾ, ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਅਤੇ ਮਨਜ਼ੂਰੀ ਜਾਰੀ ਕਰਨ 'ਚ ਲਗਦੇ ਸਮੇਂ ਨੂੰ ਘਟਾਉਣਾ ਹੈ।
 
ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਮਾਨਤਾ ਲੈਣ ਲਈ ਦਫ਼ਤਰਾਂ ਦੇ ਗੇੜੇ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਕਿਸੇ ਵੀ ਥਾਂ ਤੋਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਿਵੇਕਲੀ ਪਹਿਲ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਸਮੇਂ ਅਤੇ ਸਰੋਤਾਂ ਦੀ ਬੱਚਤ ਕਰੇਗੀ।

ਇਸ ਮੌਕੇ ਡਿਪਟੀ ਡਾਇਰੈਕਟਰ (ਪ੍ਰੈਸ) ਸ. ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਸ੍ਰੀ ਗੁਰਮੀਤ ਸਿੰਘ ਖਹਿਰਾ, ਡੀ.ਡੀ.ਜੀ ਅਤੇ ਐਸ.ਆਈ.ਓ ਪੰਜਾਬ ਸ੍ਰੀ ਵਿਵੇਕ ਸ਼ਰਮਾ, ਸੀਨੀਅਰ ਡਾਇਰੈਕਟਰ ਅਤੇ ਏ.ਐਸ.ਆਈ.ਓ (ਡੀ) ਸ੍ਰੀਮਤੀ ਊਸ਼ਾ ਰਾਏ ਅਤੇ ਡਾਇਰੈਕਟਰ (ਆਈ.ਟੀ.) ਸ੍ਰੀ ਪੰਕਜ ਜੈਨ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਗਟਰ ਦੇ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਵੀਡੀਓ ਵਾਇਰਲ, SGPC ਨੇ ਸ਼ੁਰੂ ਕੀਤੀ ਕਾਰਵਾਈ

ਆਨਲਾਈਨ ਐਕਰੀਡੇਸ਼ਨ ਪੋਰਟਲ ਕਿਵੇਂ ਕੰਮ ਕਰੇਗਾ

ਵਿਭਾਗ ਦੇ ਪੋਰਟਲ https://eservices.punjab.gov.in 'ਤੇ ਇੱਕ ਵਾਰ ਅਰਜ਼ੀਆਂ ਜਮ੍ਹਾਂ ਹੋਣ ਤੋਂ ਬਾਅਦ, ਸਿਸਟਮ ਖ਼ੁਦ ਉਨ੍ਹਾਂ ਨੂੰ ਪ੍ਰਵਾਨਗੀ ਲਈ ਰਾਜ ਪੱਧਰ 'ਤੇ ਅਥਾਰਟੀ ਕੋਲ ਭੇਜੇਗਾ। ਦਸਤੀ ਦਖ਼ਲਅੰਦਾਜ਼ੀ ਖ਼ਤਮ ਹੋਣ ਨਾਲ ਅਰਜ਼ੀਆਂ ਵਿਚਾਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ, ਜੋ ਨਿਰਧਾਰਤ ਸਮੇਂ ਅੰਦਰ ਮਾਨਤਾ ਜਾਰੀ ਕਰਨ ਨੂੰ ਯਕੀਨੀ ਬਣਾਏਗਾ।

ਇਸ ਦੇ ਨਾਲ ਹੀ ਬਿਨੈਕਾਰ ਨੂੰ ਆਪਣੀ ਅਰਜ਼ੀ ਦੀ ਸਥਿਤੀ ਅਤੇ ਇਸ ਦੀ ਪ੍ਰਵਾਨਗੀ ਵਿੱਚ ਲੱਗਣ ਵਾਲੇ ਸੰਭਾਵਿਤ ਸਮੇਂ ਬਾਰੇ ਐਸ.ਐਮ.ਐਸ. ਅਤੇ ਈ.ਮੇਲ. ਪ੍ਰਾਪਤ ਹੋਵੇਗੀ, ਜੋ ਪੱਤਰਕਾਰਾਂ ਨੂੰ ਆਪਣੀ ਕਵਰੇਜ ਸਮਾਂ-ਸਾਰਣੀ ਤਿਆਰ ਕਰਨ ਵਿੱਚ ਵਧੇਰੇ ਸਹਾਈ ਹੋਵੇਗਾ। ਇਹ ਪੋਰਟਲ ਅਰਜ਼ੀ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਨੂੰ ਆਨਲਾਈਨ ਨਿਪਟਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਉਂਦਾ ਹੈ। ਬਿਨੈਕਾਰਾਂ ਨੂੰ ਦਫ਼ਤਰਾਂ ਦੇ ਗ਼ੈਰ-ਜ਼ਰੂਰੀ ਗੇੜੇ ਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਇਤਰਾਜ਼ਾਂ ਨੂੰ ਆਨਲਾਈਨ ਹੀ ਨਿਪਟਾਉਣ ਲਈ ਢੁਕਵੀਂ ਕਾਰਵਾਈ ਕਰ ਸਕਣਗੇ।

ਸਰਕਾਰੀ ਅਥਾਰਟੀਆਂ, ਮੀਡੀਆ ਸੰਸਥਾਵਾਂ ਅਤੇ ਐਨ.ਆਈ.ਸੀ. ਦਰਮਿਆਨ ਨਜ਼ਦੀਕੀ ਤਾਲਮੇਲ ਰਾਹੀਂ ਤਿਆਰ ਇਹ ਪੋਰਟਲ ਪੱਤਰਕਾਰਾਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣੀਆਂ ਡਿਊਟੀਆਂ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਭਾਵੀ ਢੰਗ ਨਾਲ ਨਿਭਾ ਸਕਣ। ਆਨਲਾਈਨ ਸਹੂਲਤਾਂ ਜ਼ਰੀਏ ਇਹ ਪਲੇਟਫਾਰਮ ਮਾਨਤਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ, ਪਾਰਦਰਸ਼ੀ ਅਤੇ ਸੁਚਾਰੂ ਬਣਾਏਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News