ਪੰਜਾਬ 'ਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਮੰਤਰੀ ਹਰਪਾਲ ਚੀਮਾ ਦੀ ਸਖ਼ਤ ਚਿਤਾਵਨੀ (ਵੀਡੀਓ)
Friday, Jul 26, 2024 - 02:07 PM (IST)
ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ 'ਚ ਜਾਅਲੀ ਬਿੱਲਾਂ ਰਾਹੀਂ ਫੇਕ ਆਈ. ਡੀ. ਬਣਾ ਕੇ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ 'ਚ 'ਆਪ' ਦੀ ਸਰਕਾਰ ਆਉਣ ਤੋਂ ਬਾਅਦ ਟੈਕਸ ਚੋਰੀ ਨੂੰ ਰੋਕਣ ਦੀ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਗਿਆ ਹੈ ਅਤੇ ਸਾਡਾ ਵਿਭਾਗ ਲਗਾਤਾਰ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤ ਰਿਹਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਟੈਕਸ ਗ੍ਰੋਥ ਕਰੀਬ 6 ਫ਼ੀਸਦੀ ਸੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਗ੍ਰੋਥ 13 ਫ਼ੀਸਦੀ ਤੋਂ ਉੱਪਰ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory
ਇਸ ਦਾ ਕਾਰਨ ਇਹ ਹੀ ਹੈ ਕਿ ਵਿਭਾਗ 'ਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਹਨ ਅਤੇ ਟੈਕਸ ਚੋਰੀ ਖ਼ਿਲਾਫ਼ ਸਖ਼ਤੀ ਵੀ ਕੀਤੀ ਗਈ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ 'ਚ ਸੋਨੇ 'ਤੇ ਬਗੈਰ ਬਿੱਲ ਵਾਲੀਆਂ ਫਰਮਾਂ ਤੋਂ 336 ਕਰੋੜ ਰੁਪਏ ਦੇ ਜਾਅਲੀ ਬਿੱਲ ਬਰਾਮਦ ਕੀਤੇ ਹਨ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਨ੍ਹਾਂ ਫਰਮਾਂ ਨੇ ਕਿੱਥੋਂ ਸੋਨਾ ਲਿਆ ਕੇ ਗਾਹਕਾਂ ਨੂੰ ਵੇਚਿਆ, ਇਸ ਦੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਸੀ। ਇਨ੍ਹਾਂ ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਨਾਲ ਹੀ 20 ਕਰੋੜ ਰੁਪਏ ਦੀ ਪੈਨਲਟੀ ਲਾਈ ਗਈ ਹੈ ਤਾਂ ਜੋ ਪੰਜਾਬ ਅੰਦਰ ਕੋਈ ਵੀ ਵਿਅਕਤੀ ਸੂਬੇ ਦੇ ਖ਼ਜ਼ਾਨੇ ਨੂੰ ਚੂਨਾ ਨਾ ਲਾ ਸਕੇ।
ਇਹ ਵੀ ਪੜ੍ਹੋ : ਮੋਹਾਲੀ ਮਗਰੋਂ ਚੰਡੀਗੜ੍ਹ 'ਚ ਵੀ ਅਲਰਟ, ਘੱਟ ਉਮਰ ਦੇ ਬੱਚਿਆਂ 'ਤੇ ਰੱਖੀ ਜਾ ਰਹੀ ਸਖ਼ਤ ਨਿਗਰਾਨੀ
ਇਸ ਦੇ ਨਾਲ ਹੀ ਲੁਧਿਆਣਾ 'ਚ 424 ਕਰੋੜ ਰੁਪਏ ਦੇ ਜਆਲੀ ਬਿੱਲਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਇਨ੍ਹਾਂ ਫਰਮਾਂ ਤੋਂ ਟੈਕਸ ਦਾ 25 ਕਰੋੜ ਰੁਪਿਆ ਵਸੂਲਿਆ ਜਾਵੇਗਾ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਕੇਂਦਰ ਸਰਕਾਰ ਦੇ ਅਧੀਨ ਰਜਿਸਟਰਡ ਹੋਈਆਂ ਕੁੱਲ 303 ਫਰਮਾਂ 'ਚੋਂ 4 ਹਜ਼ਾਰ 44 ਕਰੋੜ ਰੁਪਏ ਦੀ ਲੋਹੇ ਦੀ ਜਾਅਲੀ ਸੇਲ-ਪਰਚੇਜ਼ ਦਿਖਾ ਕੇ ਰਿਟਰਨ ਲੈਂਦੀਆਂ ਸਨ, ਉਨ੍ਹਾਂ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਅਲੀ ਫਰਮ ਬਣਾ ਕੇ ਸੂਬੇ ਨੂੰ ਲੁੱਟਦਾ ਹੈ ਤਾਂ ਅਜਿਹੇ 11 ਵਿਅਕਤੀਆਂ ਨੂੰ ਲੁਧਿਆਣਾ 'ਚੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਜਿਹੜਾ ਵੀ ਦੋਸ਼ੀ ਟੈਕਸ 'ਚ ਧੋਖਾਧੜੀ ਕਰੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਜੇਕਰ ਵਿਭਾਗ ਦਾ ਵੀ ਕੋਈ ਅਧਿਕਾਰੀ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8