ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਜਾਰੀ ਰਹਿਣਗੇ : ਹਰਜੋਤ ਬੈਂਸ

Thursday, Feb 09, 2023 - 12:52 PM (IST)

ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਜਾਰੀ ਰਹਿਣਗੇ : ਹਰਜੋਤ ਬੈਂਸ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਸ਼ ਦੇ ਨੰਬਰ ਇਕ ਸਕੂਲ ਬਣਾਇਆ ਜਾਵੇਗਾ, ਜਿੱਥੇ ਸਿੱਖਿਆ ਦਾ ਪੱਧਰ ਮਜ਼ਬੂਤ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇਗਾ, ਇਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਮੱਸੇਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਤੋਂ ਪਹਿਲਾਂ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਕੂਲ ਪ੍ਰਿੰ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਹਰਜੋਤ ਬੈਂਸ ਨੇ ਕਿਹਾ ਕਿ ਅਗਲੇ ਵਿੱਦਿਅਕ ਸੈਸ਼ਨ ਤੋਂ ਸਰਕਾਰੀ ਸਕੂਲਾਂ ’ਚ ਬਦਲੇ ਹੋਏ ਮਾਹੌਲ ਦੀ ਝਲਕ ਸਾਫ਼ ਨਜ਼ਰ ਆਵੇਗੀ। ਵਿਦਿਆਰਥੀਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਸੰਸਾਰ ਭਰ ’ਚ ਚੱਲ ਰਹੇ ਮੁਕਾਬਲੇਬਾਜ਼ੀ ਦੇ ਦੌਰ ’ਚ ਅੱਗੇ ਲਿਆਉਣ ਲਈ ਸਿੱਖਿਆ ਦੇ ਖੇਤਰ ’ਚ ਜ਼ਿਕਰਯੋਗ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲ ਮਾਡਲ ਅਤੇ ਕਾਨਵੈਂਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

ਸਕੂਲ ਆਫ਼ ਐਮੀਨੈਂਸ, ਬਿਜ਼ਨੈੱਸ ਬਲਾਸਟਰ, ਮਿਸ਼ਨ 100 ਫ਼ੀਸਦੀ ਵਰਗੇ ਪੰਜਾਬ ਸਰਕਾਰ ਵੱਲੋਂ ਚੁੱਕੇ ਫ਼ੈਸਲਿਆਂ ਦੀ ਹਰ ਵਰਗ ਵੱਲੋਂ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਥੋੜ੍ਹੇ ਸਮੇਂ ਦੀ ਜ਼ਿੰਮੇਵਾਰੀ ਦੌਰਾਨ ਇਹ ਅਨੁਭਵ ਕੀਤਾ ਹੈ ਕਿ ਜੇਕਰ ਸਕੂਲ ਦੇ ਮੁਖੀ ਅਤੇ ਸਟਾਫ਼ ਬਿਹਤਰ ਕੰਮ ਕਰਨ ਤਾਂ ਸਰਕਾਰੀ ਸਕੂਲ ਦੀ ਨੁਹਾਰ ਬਹੁਤ ਜਲਦ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਕੂਲ ’ਚ ਵਿਦਿਆਰਥੀ ਨੂੰ ਮਿਲਣ ਵਾਲੀ ਸਿੱਖਿਆ ਬਾਰੇ ਜਾਣਕਾਰੀ ਰੱਖਣ। ਪੀ. ਟੀ. ਐੱਮ. ’ਚ ਆ ਕੇ ਅਧਿਆਪਕਾਂ ਨਾਲ ਵਿਦਿਆਰਥੀ ਬਾਰੇ ਵਿਚਾਰ-ਵਟਾਂਦਰਾ ਕਰਨ। ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕ ਧਾਰਮਿਕ ਪੇਸ਼ਕਸ਼ ਰਾਹੀਂ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।

PunjabKesari

ਇਸ ਮਗਰੋਂ ਨਤੀਜਾ ਸੈਸ਼ਨ 2021-2022 ਦੌਰਾਨ 12ਵੀਂ ਜਮਾਤ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਤਰੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਖੇਤਰ ’ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਰਵਿੰਦਰ ਸਿੰਘ ਵੱਲੋਂ ਸਿੱਖਿਆ ਮੰਤਰੀ ਨੂੰ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਸਕੂਲ ਵਿਚ ਸਾਇੰਸ ਸਟ੍ਰੀਮ ਦੀ ਮੰਗ ਰੱਖੀ, ਜਿਸ ’ਤੇ ਸਿੱਖਿਆ ਮੰਤਰੀ ਵੱਲੋਂ ਜਲਦ ਹੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਮੰਤਰੀ ਦਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਗੁਰਦਿਆਲ ਸਿੰਘ ਕੇ. ਟੀ. ਸੀ., ਹਰਦਿਆਲ ਸਿੰਘ ਸਰਪੰਚ ਅਤੇ ਚੇਅਰਮੈਨ, ਡਾ. ਜਰਨੈਲ ਸਿੰਘ ਦਬੂੜ, ਜਸਵੀਰ ਸਿੰਘ ਰਾਣਾ, ਸਰਬਜੀਤ ਸਿੰਘ ਭਟੋਲੀ, ਗੁਰਪ੍ਰੀਤ ਅਰੋੜਾ, ਕੇਸਰ ਸਿੰਘ ਸੰਧੂ, ਵੀਰ ਚੰਦ, ਬਲਵੀਰ ਚੌਧਰੀ, ਮਨਮੀਤ ਸਿੰਘ, ਹਰੀ ਰਾਮ, ਸੁੱਚਾ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਇਹ ਵੀ ਪੜ੍ਹੋ : ਜਲੰਧਰ ਦੇ ਸੰਤੋਖਪੁਰਾ ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ਤੋਂ ਬਰਾਮਦ, ਲੋਕਾਂ ਨੇ ਦੁਮਾਲਾ ਬੰਨ੍ਹ ਕੇ ਭੇਜਿਆ ਵਾਪਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News